ਜੋ ਸਰਕਾਰ ਨੂੰ ਅੱਗੇ ਹੋ ਕੇ ਟੱਕਰੇਗਾ, ਉਹੀ ਬਣੇਗਾ ਵਿਰੋਧੀ ਧਿਰ ਦਾ ਨੇਤਾ : ਬਾਜਵਾ

ਚੰਡੀਗਡ਼੍ਹ : ਪੰਜਾਬ ਕਾਂਗਰਸ ’ਚ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਦੌੜ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰ ਦਾ ਨੇਤਾ ਬਣਾਉਣ ਦੇ ਮੁੱਦੇ ’ਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੇ ਆਗੂ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣਾ ਪਵੇਗਾ ਜਿਹਡ਼ਾ ਇਹਨਾਂ (ਸੱਤਾ ਧਿਰ) ਨੂੰ ਮੂਹਰੇ ਹੋ ਕੇ ਟੱਕਰੇਗਾ। ਰੇਤ ਅਤੇ ਸ਼ਰਾਬ ਮਾਫੀਆ ਚਲਾਉਣ ਵਾਲੇ ਸਰਕਾਰ ਸਾਹਮਣੇ ਖਡ਼ੇ ਹੋ ਸਕਣਗੇ?

ਬਾਜਵਾ ਨੇ ਵਿਧਾਨ ਸਭਾ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦਾ ਨੇਤਾ ਬਣਾਉਣਾ ਪਾਰਟੀ ਹਾਈਕਮਾਂਡ ਦਾ ਕੰਮ ਹੈ, ਪਰ ਜੇਕਰ ਅਸੀਂ ਕਾਂਗਰਸ ਨੂੰ ਮੁਡ਼ ਖਡ਼੍ਹਾ ਕਰਨਾ ਚਾਹੁੰਦੇ ਹਾਂ ਤਾਂ ਅਜਿਹੇ ਨੇਤਾ ਨੂੰ ਵਿਧਾਨ ਸਭਾ ’ਚ ਆਮ ਆਦਮੀ ਪਾਰਟੀ ਦੇ ਖਿਲਾਫ ਖਡ਼੍ਹਾ ਕਰਨਾ ਚਾਹੀਦਾ ਹੈ ਜੋ ਸਰਕਾਰ ਨੂੰ ਕਟਹਿਰੇ ’ਚ ਖਡ਼੍ਹਾ ਕਰ ਸਕੇ।ਵਰਨਣਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀ ਧਿਰ ਦੇ ਨੇਤਾ ਬਣਨ ਦੀ ਦੌਡ਼ ਵਿਚ ਹਨ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਸਿੰਘ ਦੀ ਸੋਚ ਦੇ ਆਧਾਰ ’ਤੇ ਆਪਣੀ ਸਰਕਾਰ ਸ਼ੁਰੂ ਕੀਤੀ ਹੈ, ਜੋ ਕਿ ਚੰਗੀ ਗੱਲ ਹੈ, ਪਰ ਉਨ੍ਹਾਂ ਨੇ ਭਗਤ ਸਿੰਘ ਦੀ ਯਾਦਗਾਰ ’ਤੇ ਸਹੁੰ ਚੁੱਕਣ ਤੋਂ ਪਹਿਲਾਂ ਸਹੁੰ ਚੁੱਕਣ ਵਾਲਿਆਂ ਨੂੰ ਦੇਖਿਆ ਹੈ। ਮਨਪ੍ਰੀਤ ਬਾਦਲ ਨੇ ਵੀ ਅਜਿਹਾ ਹੀ ਕੀਤਾ ਪਰ ਖਟਕਡ਼ ਕਲਾਂ ਤੋਂ ਪੈਦਲ ਚੱਲ ਕੇ ਚੰਡੀਗਡ਼੍ਹ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਗੱਡੀਆਂ ਪਟਡ਼ੀ ਤੋਂ ਉਤਰ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ’ਤੇ ਤਿੰਨ ਲੱਖ ਕਰੋਡ਼ ਦਾ ਕਰਜ਼ਾ ਹੈ ਅਤੇ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਨੂੰ ਸੁਪਨੇ ਦਿਖਾ ਕੇ ਬਿਜਲੀ, ਪੈਨਸ਼ਨ ਵਰਗੀਆਂ ਸਕੀਮਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਸੂਬੇ ’ਤੇ 43 ਹਜ਼ਾਰ ਕਰੋਡ਼ ਰੁਪਏ ਦਾ ਬੋਝ ਪਵੇਗਾ। ਸਰਕਾਰ ਨੂੰ ਇਹ ਪੈਸਾ ਕਿੱਥੋਂ ਮਿਲੇਗਾ? ਬਾਜਵਾ ਨੇ ਕਿਹਾ ਕਿ ਵਿਧਾਇਕਾਂ ਜਾਂ ਮੰਤਰੀਆਂ ਨੂੰ ਦਿੱਤੇ ਦੋ ਸੁਰੱਖਿਆ ਗਾਰਡ ਵਾਪਸ ਲੈਣ ਨਾਲ ਕੰਮ ਨਹੀਂ ਚੱਲੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਪਾਰਟੀ ਦੇ ਵਿਧਾਇਕਾਂ ਤੇ ਆਗੂਆਂ ਨੂੰ ਸਿੱਧੇ ਹਸਪਤਾਲਾਂ, ਥਾਣਿਆਂ ਅਤੇ ਤਹਿਸੀਲਾਂ ਵਿਚ ਜਾਣ ਤੋ ਰੋਕਣ ਕਿਉੰਕਿ ਹਰ ਚੀਜ਼ ਦਾ ਇੱਕ ਪ੍ਰੋਟੋਕੋਲ ਹੁੰਦਾ ਹੈ। ਇਹ ਸਭ ਸਿੱਖਣ ਦੀਆਂ ਗੱਲਾਂ ਹਨ। ਉਨ੍ਹਾਂ ਕਿਹਾ ਕਿ ਇਹ ਗੱਲਾਂ ਉਦੋਂ ਹੀ ਆ ਸਕਦੀਆਂ ਹਨ ਜਦੋਂ ਤੁਸੀਂ ਸਾਲ ਵਿੱਚ ਸੌ ਦਿਨ ਲੋਕ ਸਭਾ ਅਤੇ ਰਾਜ ਸਭਾ ਵਰਗੀਆਂ ਵਿਧਾਨ ਸਭਾਵਾਂ ਦਾ ਸੈਸ਼ਨ ਚਲਾਓਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੱਕ ਕਿਸੇ ਨੂੰ ਵੀ ਕੋਈ ਤਜਰਬਾ ਨਹੀਂ ਹੈ। ਇਸ ਲਈ ਘੱਟੋ ਘੱਟ 100 ਦਿਨ ਸੈਸ਼ਨ ਚਲਾਉਣਾ ਚਾਹੀਦਾ ਹੈ ਤਾਂ ਜੋ ਮੰਤਰੀ ਤੇ ਵਿਧਾਇਕ ਕੁੱਝ ਸਿੱਖ ਸਕਣ।