ਸ੍ਰੀ ਅਨੰਦਪੁਰ ਸਾਹਿਬ 'ਚ ਵਾਪਰੀ ਸ਼ਰਮਨਾਕ ਘਟਨਾ

ਸ੍ਰੀ ਆਨੰਦਪੁਰ ਸਾਹਿਬ : ਹੋਲਾ ਮਹੱਲਾ ਮੌਕੇ ਸ੍ਰੀ ਆਨੰਪੁਰ ਸਾਹਿਬ ਆਈ ਇਕ 23 ਸਾਲਾ ਔਰਤ ਨਾਲ ਪੰਜ ਲੜਕਿਆਂ ਵੱਲੋਂ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਸ੍ਰੀ ਆਨੰਦਪੁਰ ਸਾਹਿਬ ਦੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੰਘੀ 16 ਮਾਰਚ ਨੂੰ ਨਵਾਂਸ਼ਹਿਰ ਦੇ ਨਜ਼ਦੀਕ ਖੜਕੜ ਕਲਾਂ ਵਿਖੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰੱਖੇ ਸਹੁੰ ਚੁੱਕ ਸਮਾਗਮ ਸਬੰਧੀ, ਬੰਗਾ ਪੁਲਿਸ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਬੈਰੀਕੇਡਿੰਗ ਕੀਤੀ ਹੋਈ ਸੀ ਕਿ ਏਨੇ ਨੂੰ ਸ੍ਰੀ ਆਨੰਦਪੁਰ ਸਾਹਿਬ ਸਾਈਡ ਤੋਂ ਆਈ ਇਕ ਤੇਜ਼ ਰਫਤਾਰ ਗੱਡੀ ਵੱਲੋਂ ਬੈਰੀਕੇਟਿੰਗ ਤੋੜ ਕੇ ਲੰਘਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੌਕੇ ਤੇ ਖੜ੍ਹੀ ਬੰਗਾ ਪੁਲਿਸ ਵੱਲੋਂ ਤੁਰੰਤ ਉਕਤ ਗੱਡੀ ਨੂੰ ਕਾਬੂ ਕਰਕੇ ਗੱਡੀ ਵਿੱਚ ਸਵਾਰ ਪੰਜ ਲੜਕਿਆਂ ਅਤੇ ਇਕ ਲੜਕੀ ਨੂੰ ਕਾਬੂ ਕੀਤਾ ਗਿਆ। ਜਦੋਂ ਕਾਬੂ ਕੀਤੀ ਗਈ ਉਕਤ ਔਰਤ ਨੇ ਬੰਗਾ ਪੁਲਿਸ ਕੋਲ ਲਿਖਵਾਈ ਰਿਪੋਰਟ ਵਿਚ ਦੱਸਿਆ ਕਿ ਉਹ ਹੋਲਾ ਮਹੱਲਾ ਮੇਲਾ ਦੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਆਈ ਹੋਈ ਸੀ ਤਾਂ ਇਨ੍ਹਾਂ ਪੰਜ ਲੜਕਿਆਂ ਨੇ ਉਸ ਨੂੰ ਬਹਿਲਾ ਫੁਸਲਾ ਕੇ ਆਪਣੀ ਗੱਡੀ ਵਿੱਚ ਬਿਠਾ ਲਿਆ ਅਤੇ ਉੱਥੇ ਹੀ ਚੱਲਦੀ ਗੱਡੀ ਵਿਚ ਇਨ੍ਹਾਂ ਪੰਜੇ ਲੜਕਿਆਂ ਨੇ ਮੇਰੇ ਨਾਲ ਜਬਰ ਜਨਾਹ ਕੀਤਾਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਬੰਗਾ ਪੁਲਿਸ ਵੱਲੋਂ ਉਕਤ ਲੜਕਿਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਜਬਰ ਜਨਾਹ ਦਾ ਮਾਮਲਾ ਇੱਥੇ ਦਾ ਹੋਣ ਕਰਕੇ ਅਸੀਂ ਵੀ ਉਕਤ ਕਥਿਤ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਰੰਟ ਤੇ ਸ੍ਰੀ ਆਨੰਦਪੁਰ ਸਾਹਿਬ ਲਿਆ ਕੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਂਗੇ।