ਚੰਡੀਗਡ਼੍ਹ : ਸ਼ਹੀਦ ਭਗਤ ਸਿੰਘ ਦੇ ਰਿਸ਼ਤੇਦਾਰ ਕੁਲਦੀਪ ਸਿੰਘ ਢੱਟ ਦੇ ਕਤਲ ਮਾਮਲੇ ਵਿਚ ਦੋਸ਼ੀ ਸਾਬਕਾ ਪੁਲਿਸ ਅਧਿਕਾਰੀ ਦੀ ਸਜ਼ਾ ਮਾਫ਼ ਕਰਨ ਦਾ ਮਾਮਲਾ ਤੂਲ ਫਡ਼ ਰਿਹਾ ਹੈ। ਬੁੱਧਵਾਰ ਨੂੰ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿਚ ਢੱਟ ਦੇ ਪਰਿਵਾਰ ਨੇ ਨਿਆਂ ਲਈ ਗੁਹਾਰ ਲਾਈ ਸੀ। ਹੁਣ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਐੱਚਸੀ ਅਰੋਡ਼ਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਲਈ ਨਿਆਇਕ ਕਮਿਸ਼ਨ ਗਠਤ ਕਰਨ ਦੀ ਮੰਗ ਕੀਤੀ ਹੈ। ਅਰੋਡ਼ਾ ਪਹਿਲਾਂ ਵੀ ਕਈ ਅਹਿਮ ਮਾਮਲੇ ਉਜਾਗਰ ਕਰਦੇ ਰਹਿੰਦੇ ਹਨ।
ਅਰੋਡ਼ਾ ਨੇ ਪੱਤਰ ਲਿਖਿਆ ਹੈ ਕਿ ਭਗਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਢੱਟ ਨੂੰ ਅਗਵਾ ਕਰ ਕੇ ਕਤਲ ਕੀਤਾ ਗਿਆ ਸੀ। 2014 ਵਿਚ ਹੁਸ਼ਿਆਰਪੁਰ ਦੀ ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ਵਿਚ ਸਾਬਕਾ ਆਈਪੀਐੱਸ ਅਫਸਰ ਐੱਸਪੀਐੱਸ ਬਸਰਾ ਸਮੇਤ 3 ਹੋਰ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਪਾਇਆ ਸੀ। ਬਸਰਾ ਨੂੰ 5 ਸਾਲ ਕੈਦ ਤੇ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਹੋਈ ਸੀ। ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਬਸਰਾ ਦੀ ਸਜ਼ਾ ਮਾਫ਼ ਕਰਨ ਲਈ ਕਿਹਾ ਸੀ। ਅਮਰਿੰਦਰ ਦੀ ਬੇਨਤੀ ’ਤੇ ਰਾਜਪਾਲ ਨੇ 2021 ਵਿਚ ਬਸਰਾ ਦੀ ਸਜ਼ਾ ਮਾਫ਼ ਕਰ ਦਿੱਤੀ ਸੀ। ਢੱਟ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਏ ਕਿ ਉਹ ਨਿਆਂ ਲਈ ਭਟਕਦੇ ਰਹੇ ਪਰ ਹਾਕਮਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਸੀ। ਉਹ ਅਦਾਲਤ ਦੇ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਸਨ। ਇਸ ਮਗਰੋਂ ਸਰਕਾਰ ਨੇ ਨਿਯਮਾਂ ਨੂੰ ਤਾਕ ਵਿਚ ਰੱਖ ਕੇ ਕਤਲ ਦੇ ਦੋਸ਼ੀ ਨੂੰ ਬਰੀ ਕਰ ਦਿੱਤਾ।