ਪੰਜਾਬ ਸਰਕਾਰ ਨੇ ਤਿੰਨ ਮਹੀਨਿਆਂ ਲਈ ਆਬਕਾਰੀ ਨੀਤੀ ਨੂੰ ਅੱਗੇ ਵਧਾਇਆ

ਚੰਡੀਗਡ਼੍ਹ : ਨਵੀਂ ਪੰਜਾਬ ਸਰਕਾਰ ਨੇ 2021-22 ਦੀ ਆਬਕਾਰੀ ਨੀਤੀ ਨੂੰ ਤਿੰਨ ਮਹੀਨਿਆਂ ਤਕ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਪੁਰਾਣੀ ਪਾਲਿਸੀ ਪਹਿਲੀ ਅਪ੍ਰੈਲ 2022 ਤੋਂ ਲੈ ਕੇ 30 ਜੂਨ 2022 ਤਕ ਲਾਗੂ ਰਹੇਗੀ। ਇਸ ਲਈ ਠੇਕੇਦਾਰਾਂ ਨੂੰ ਆਪਣਾ ਲਾਇਸੈਂਸ ਰੀਨਿਊ ਕਰਵਾਉਣਾ ਪਵੇਗਾ। ਲਾਇਸੈਂਸ ਰੀਨਿਊ ਕਰਵਾਉਣ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 22 ਮਾਰਚ ਹੋਵੇਗੀ। ਆਬਕਾਰੀ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਦੱਸਣਾ ਬਣਦਾ ਹੈ ਕਿ 16 ਮਾਰਚ ਨੂੰ ਭਗਵੰਤ ਮਾਨ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਸੀ ਜਦਕਿ 19 ਮਾਰਚ ਨੂੰ 10 ਕੈਬਨਿਟ ਮੰਤਰੀਆਂ ਨੇ ਮੰਤਰੀਆਂ ਦੇ ਅਹੁਦਿਆਂ ਦੀ ਸਹੁੰ ਚੁੱਕੀ ਹੈ। 31 ਮਾਰਚ ਨੂੰ ਵਿੱਤੀ ਸਾਲ ਖ਼ਤਮ ਹੋ ਰਿਹਾ ਹੈ। ਇਸ ਲਈ ਨਵੀਂ ਸਰਕਾਰ ਦੇ ਗਠਨ ਕਾਰਨ ਪੰਜਾਬ ਸਰਕਾਰ ਨੇ ਪੁਰਾਣੀ ਐਕਸਾਈਜ਼ ਪਾਲਿਸੀ ਨੂੰ ਹੀ ਤਿੰਨ ਮਹੀਨਿਆਂ ਲਈ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਹੈ। ਹਾਲਾਂਕਿ ਤਿੰਨ ਮਹੀਨਿਆਂ ਦੌਰਾਨ ਸ਼ਰਾਬ ਦਾ ਕੋਟਾ ਵੀ ਫਿਕਸ ਰੱਖਿਆ ਜਾਵੇਗਾ।