ਡੇਰਾ ਬਿਆਸ ਦੇ ਲੱਖਾਂ ਸ਼ਰਧਾਲੂਆਂ ਲਈ ਖੁਸ਼ਖਬਰੀ, ਇਸ ਦਿਨ ਤੋਂ ਪੰਜਾਬ 'ਚ ਸ਼ੁਰੂ ਹੋਣਗੇ ਸਤਿਸੰਗ

ਅੰਮ੍ਰਿਤਸਰ : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ (Radha Soami Satsang Beas) ਦੇ ਸ਼ਰਧਾਲੂਆਂ ਲਈ ਚੰਗੀ ਖ਼ਬਰ ਆਈ ਹੈ। ਡੇਰੇ ਵਲੋਂ ਕੋਵਿਡ-19 (Covid-19) ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਅਹਿਮੀਅਤ ਦਿੰਦੇ ਹੋਏ ਕਈ ਵਾਰ ਪ੍ਰੋਗਰਾਮਾਂ ’ਤੇ ਰੋਕ ਲਗਾਈ ਗਈ ਸੀ ਪਰ ਹੁਣ ਡੇਰੇ ਵਲੋਂ ਸਤਿਸੰਗ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ। ਡੇਰੇ ਵਲੋਂ ਸਾਲ 2022 ਦੇ ਅਖੀਰ ਤਕ ਅਤੇ 2023 ਦੇ ਨਵੇਂ ਸਾਲ ਵਾਲੇ ਦਿਨ ਹੋਣ ਵਾਲੇ ਪ੍ਰੋਗਰਾਮਾਂ ਦਾ ਦੁਬਾਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।ਸਤਿਸੰਗ ਸੈਂਟਰ ਆਫ ਇੰਡੀਆ ਦੇ ਰਿਟਾਇਰਡ ਕਰਨਲ ਜੀ. ਐੱਸ. ਭੁੱਲਰ ਵੱਲੋਂ ਜਾਰੀ ਪੱਤਰ ਜ਼ਰੀਏ ਜ਼ੋਨਲ ਸੈਕਟਰੀ, ਕੋ–ਆਰਡੀਨੇਟਰ, ਏਰੀਆ ਸੈਕਟਰੀ, ਸੈਕਟਰੀ ਨੂੰ ਸੂਚਿਤ ਕਰਕੇ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਤਰੀਕਾਂ ਬਾਰੇ ਸੰਗਤ ਤਕ ਸੂਚਨਾ ਪਹੁੰਚਾਉਣ। ਪੱਤਰ ਮੁਤਾਬਕ ਪਹਿਲਾਂ ਤੈਅ ਸਤਸੰਗ ਤੋਂ ਬਾਅਦ ਬਿਆਸ 'ਚ ਨਾਮਦਾਨ ਦਿੱਤਾ ਜਾਵੇਗਾ, ਜਦੋਂਕਿ ਮਾਰਚ ਅਤੇ ਜੁਲਾਈ 'ਚ ਨਾਮਦਾਨ ਨਹੀਂ ਦਿੱਤਾ ਜਾਵੇਗਾ। ਰਿਟਾਇਰਡ ਕਰਨਲ ਭੁੱਲਰ ਦੁਆਰਾ ਜਾਰੀ ਪੱਤਰ 'ਚ ਦੱਸਿਆ ਗਿਆ ਕਿ ਅਕਤੂਬਰ ਮਹੀਨੇ ਸਭ ਤੋਂ ਜ਼ਿਆਦਾ ਪ੍ਰੋਗਰਾਮ ਕਰਵਾਏ ਜਾਣਗੇ। ਇਸ ਲੜੀ 'ਚ 20 ਅਤੇ 27 ਮਾਰਚ ਨੂੰ ਡੇਰਾ ਬਿਆਸ 'ਚ ਸਵੇਰੇ 9 ਵਜੇ ਤੋਂ ਸਤਿਸੰਗ ਸ਼ੁਰੂ ਹੋਵੇਗਾ। ਇਸ ਖ਼ਬਰ ਤੋਂ ਬਾਅਦ ਡੇਰੇ ਦੀਆਂ ਸੰਗਤਾਂ ਦੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।