ਜਿਊਂਦੇ ਹੋਏ ਹੀ ਮੁਕਤੀ ਪ੍ਰਾਪਤ ਕਰ ਲੈਣਾ ਹਕੀਕੀ ਜੀਵਨ ਮੁਕਤੀ ਹੈ। ਸਾਡੇ ਧਰਮ ਸ਼ਾਸਤਰਾਂ ਨੇ ਚਾਰ ਪੁਰਸ਼ਾਰਥਾਂ ਵਿਚ ਮੁਕਤੀ ਨੂੰ ਅੰਤਿਮ ਪੜਾਅ ਮੰਨਿਆ ਹੈ ਜਿਸ ਨੂੰ ਆਮ ਤੌਰ ’ਤੇ ਮੌਤ ਮਗਰੋਂ ਦੀ ਸਥਿਤੀ ਮੰਨਿਆ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਭਵਸਾਗਰ ਵਿਚ ਜਨਮ-ਮੌਤ ਦੇ ਬੰਧਨ ਤੋਂ ਮੁਕਤ ਹੋ ਕੇ ਸਾਰੇ ਦੁੱਖਾਂ ਤੋਂ ਛੁਟਕਾਰਾ ਪਾ ਲੈਣਾ। ਇਸ ਲਈ ਮੁਕਤੀ ਦੀ ਇੱਛਾ ਸਾਰਿਆਂ ਦੇ ਮਨ ਵਿਚ ਹੁੰਦੀ ਹੈ। ਇਹ ਕਿਉਂਕਿ ਮੌਤ ਤੋਂ ਬਾਅਦ ਦੀ ਸਥਿਤੀ ਹੈ, ਤਾਂ ਕੋਈ ਇਸ ਦਾ ਤਜਰਬਾ ਨਹੀਂ ਦੱਸ ਸਕਦਾ। ਇਸ ਦੇ ਉਲਟ ਜੇਕਰ ਮਨੁੱਖ ਚਾਹੇ ਤਾਂ ਉਹ ਜਿਊਂਦੇ-ਜੀਅ ਹੀ ਮੁਕਤ ਹੋ ਕੇ ਇਸ ਵਿਲੱਖਣ ਆਨੰਦ ਦਾ ਅਹਿਸਾਸ ਕਰ ਸਕਦਾ ਹੈ। ਫਿਰ ਉਸ ਨੂੰ ਸੰਸਾਰ ਦੇ ਦੁੱਖ ਵੀ ਪੀੜਤ ਨਹੀਂ ਕਰਦੇ। ਇਹੀ ਜੀਵਨ ਮੁਕਤ ਦਸ਼ਾ ਹੈ। ਜੀਵਨ ਵਿਚ ਇਸ ਦਸ਼ਾ ਲਈ ਦੁਆਰ ਖੁੱਲ੍ਹੇ ਹੋਏ ਹਨ ਪਰ ਉਨ੍ਹਾਂ ਨੂੰ ਅਸੀਂ ਖ਼ੁਦ ਹੀ ਬੰਦ ਕੀਤਾ ਹੋਇਆ ਹੈ। ਉਨ੍ਹਾਂ ਨੂੰ ਖੋਲ੍ਹਣ ਲਈ ਧਰਮ ਗ੍ਰੰਥਾਂ ਵਿਚ ਉਪਾਅ ਦੱਸੇ ਗਏ ਹਨ। ਇਸ ਅਨੁਸਾਰ ਸੰਸਾਰ ਵਿਚ ਰਹਿੰਦੇ ਹੋਏ ਵੀ ਮਨੁੱਖ ਜੇਕਰ ਸਵਾਰਥ ਅਤੇ ਹੰਕਾਰ ਨੂੰ ਤਿਆਗ ਕੇ ਖ਼ੁਦ ਨੂੰ ਸੰਸਾਰਕ ਝਮੇਲਿਆਂ ਤੋਂ ਮੁਕਤ ਕਰ ਲਵੇ ਤਾਂ ਉਹ ਜੀਵਨ ਮੁਕਤ ਹੋ ਸਕਦਾ ਹੈ। ਭਾਵੇਂ ਇਹ ਆਸਾਨ ਨਹੀਂ ਪਰ ਇੰਨਾ ਔਖਾ ਵੀ ਨਹੀਂ। ਗੀਤਾ ਮੁਤਾਬਕ ਸੁੱਖ-ਦੁੱਖ, ਲਾਭ-ਹਾਨੀ ਆਦਿ ਅਵਸਥਾਵਾਂ ਵਿਚ ਇਕ ਸਮਾਨ ਬੁੱਧੀ ਨਾਲ ਕਰਮ ਕਰਦੇ ਹੋਏ ਮਨੁੱਖ ਜਦ ਆਪਣੇ ਸਾਰੇ ਕਰਮ ਅਤੇ ਫ਼ਲ ਪਰਮਾਤਮਾ ਨੂੰ ਅਰਪਿਤ ਕਰ ਦਿੰਦਾ ਹੈ, ਉਦੋਂ ਉਹ ਇਨ੍ਹਾਂ ਤੋਂ ਉਪਜੇ ਸੁੱਖ-ਦੁੱਖ ਦੇ ਸਮੁੱਚੇ ਭਾਵਾਂ ਤੋਂ ਮੁਕਤ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਉਸ ਨੂੰ ਨਾ ਤਾਂ ਕੰਮ ਕਰਨ ਦਾ ਅਭਿਮਾਨ ਰਹਿੰਦਾ ਹੈ ਅਤੇ ਨਾ ਫ਼ਲ ਦੀ ਚਿੰਤਾ। ਇਹੀ ਜੀਵਨ ਮੁਕਤ ਪ੍ਰਾਣੀ ਦੇ ਲੱਛਣ ਹਨ। ਰਾਜਾ ਜਨਕ ਇਸ ਦੀ ਉਮਦਾ ਮਿਸਾਲ ਹਨ। ਉਹ ਦੇਹ ਦੇ ਅਭਿਮਾਨ ਤੋਂ ਮੁਕਤ ਸਨ। ਗੌਤਮ ਬੁੱਧ, ਭਗਤ ਰਵੀਦਾਸ, ਨਾਮਦੇਵ ਅਤੇ ਗਿਆਨੇਸ਼ਵਰ ਵਰਗੇ ਸੰਤ ਜੀਵਨ ਮੁਕਤ ਮਹਾਪੁਰਸ਼ਾਂ ਦੀਆਂ ਹੋਰ ਮਿਸਾਲਾਂ ਹਨ ਜੋ ਪੂਰੀ ਤਰ੍ਹਾਂ ਸੰਸਾਰਕ ਲਾਲਸਾਵਾਂ ਤੋਂ ਮੁਕਤ ਸਨ। ਇਨ੍ਹਾਂ ਮਿਸਾਲਾਂ ਤੋਂ ਸਪਸ਼ਟ ਹੈ ਕਿ ਜੀਵਨ ਮੁਕਤ ਹੋਣ ਲਈ ਜਾਤ-ਪਾਤ, ਪੰਥ, ਮਜ਼ਹਬ ਅਤੇ ਉਮਰ ਆਦਿ ਦਾ ਕੋਈ ਬੰਧਨ ਨਹੀਂ ਹੁੰਦਾ। ਇਸ ਨੂੰ ਕੋਈ ਵੀ, ਕਦੇ ਵੀ ਹਾਸਲ ਕਰ ਸਕਦਾ ਹੈ। ਸਿਰਫ਼ ਆਪਣੀਆਂ ਬਿਰਤੀਆਂ ਸੰਜਮੀ ਬਣਾ ਕੇ ਵਾਸਨਾ, ਤ੍ਰਿਸ਼ਣਾ ਅਤੇ ਹੰਕਾਰ ਤੋਂ ਉਪਜੇ ਵਿਕਾਰਾਂ ਤੋਂ ਮੁਕਤ ਹੋਣ ਦੀ ਜ਼ਰੂਰਤ ਹੈ। ਵੱਡਾ ਸਿਤਮ ਇਹ ਹੈ ਕਿ ਸੰਸਾਰਕ ਲਾਲਸਾਵਾਂ ਤੋਂ ਖਹਿੜਾ ਛੁਡਾਉਣਾ ਜੇ ਮਨੁੱਖ ਲਈ ਅਸੰਭਵ ਨਹੀਂ ਤਾਂ ਸੌਖਾ ਵੀ ਹਰਗਿਜ਼ ਨਹੀਂ ਹੈ।