ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤਖੋਰੀ ਨੂੰ ਰੋਕਣ ਲਈ ਅੱਜ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਨੰਬਰ ਜਾਰੀ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਇਸ ਉਤੇ ਪਹਿਲੀ ਸ਼ਿਕਾਇਤ ਬਠਿੰਡਾ ਤੋਂ ਮਿਲੀ ਹੈ।
ਬਠਿੰਡਾ ਦੀ ਸ਼੍ਰੀ ਗਊਸ਼ਾਲਾ ਨੂੰ ਦਾਨ ਕੀਤੀ ਜ਼ਮੀਨ ਦੀ ਵਸੀਅਤ ਕਰਵਾਉਣ ਲਈ 3000 ਰੁਪਏ ਦੀ ਰਿਸ਼ਵਤ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਸ਼ਿਕਾਇਤ ਸਾਧੂ ਰਾਮ ਕੁਸਲਾ ਜਨਰਲ ਸਕੱਤਰ ਸ੍ਰੀ ਗਊਸ਼ਾਲਾ ਵੱਲੋਂ ਸਬੂਤਾਂ ਸਮੇਤ ਮੁੱਖ ਮੰਤਰੀ ਨੂੰ ਸਾਂਝੀ ਕੀਤੀ ਗਈ ਹੈਇਹ ਸ਼ਿਕਾਇਤ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਦੇ ਖਿਲਾਫ ਹੈ, ਜਿਸ ਵਿਚ ਕੱਚੀ ਪਰਚੀ 'ਤੇ 3000 ਹਜ਼ਾਰ ਰਿਸ਼ਵਤ ਦਾ ਜ਼ਿਕਰ ਹੈ।ਦੂਜੇ ਪਾਸੇ ਨਾਇਬ ਤਹਿਸੀਲਦਾਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਅਸੀਂ ਕਿਸੇ ਤੋਂ ਕੋਈ ਰਿਸ਼ਵਤ ਦੀ ਰਕਮ ਨਹੀਂ ਲਈ ਹੈ, ਜੇਕਰ ਲਿਆ ਹੈ ਤਾਂ ਉਸ ਦਾ ਸਬੂਤ ਦਿਓ ਤਾਂ ਇਸ ਤਰ੍ਹਾਂ ਦੀ ਪਰਚੀ ਤਾਂ ਕੋਈ ਵੀ ਬਣਾ ਸਕਦਾ ਹੈ।
ਦੱਸ ਦਈਏ ਕਿ ਅੱਜ 23 ਮਾਰਚ ਸ਼ਹੀਦੀ ਦਿਹਾੜੇ ਉੱਤੇ ਮੁੱਖ ਮੰਤਰੀ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਸੀਐਮ ਹੈਲਪਲਾਈਨ 9501 200 200 ਨੰਬਰ ਜਾਰੀ ਕੀਤਾ ਹੈ। ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸੀਐੱਮ ਮਾਨ ਨੇ ਇਹ ਨੰਬਰ ਜਾਰੀ ਕੀਤਾ ਹੈ। ਇਸ ਨੰਬਰ ਉੱਤੇ ਕੋਈ ਵੀ ਵਿਅਕਤੀ ਭ੍ਰਿਸ਼ਟਾਚਾਰ ਦੀ ਵੀਡੀਓ ਤੇ ਆਡੀਓ ਭੇਜ ਸਕਦਾ ਹੈ।
ਇਹ ਨੰਬਰ ਖੁਦ ਸੀਐੱਮ ਦਾ ਨਿੱਜੀ ਹੈ। ਇਸ ਨੰਬਰ ਉੱਤੇ ਮਿਲਣ ਵਾਲੀ ਸ਼ਿਕਾਇਤ ਉੱਤੇ ਤੁਰੰਤ ਕਾਰਵਾਈ ਹੋਵੇਗੀ। ਸੀਐੱਮ ਮਾਨ ਮੁਤਾਬਿਕ ਇਸ ਵਟਸਐਪ ਨੰਬਰ ਤੇ ਮਿਲਣ ਵਾਲੀ ਸਬੂਤ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ। ਜੇਕਰ ਕੋਈ ਵੀ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੀਐੱਮ ਮਾਨ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਵਿਧਾਇਕ ਜਾਂ ਮੰਤਰੀ ਵੀ ਇਸ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨਵੇਂ ਪੰਜਾਬ ਲਈ ਜਲਦੀ ਹੀ ਨਵੇਂ ਐਲਾਨ ਕੀਤੇ ਜਾਣਗੇ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦੀ ਦਿਵਸ ਮੌਕੇ ਹੂਸੈਨੀਵਾਲ ਤੇ ਖਟਕੜ ਕਲਾਂ ਵਿਖੇ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ "ਅਸੀਂ ਅੱਜ ਇੱਕ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਸ਼ੁਰੂ ਕਰ ਰਹੇ ਹਾਂ ਜਿੱਥੇ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਅਤੇ ਅਸੀਂ ਇਸ 'ਤੇ ਕਾਰਵਾਈ ਕਰਾਂਗੇ।"
ਪਿਛਲੇ ਦਿਨੀਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਹੈਲਪਲਾਈਨ ਰਾਹੀਂ ਉਹ ਲੋਕ ਆਪਣੀ ਵੀਡੀਓ ਅਪਲੋਡ ਕਰ ਸਕਣਗੇ, ਜੋ ਰਿਸ਼ਵਤ ਮੰਗ ਰਹੇ ਹਨ ਜਾਂ ਹੋਰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ। ਉਸਨੇ ਕਿਹਾ ਸੀ ਕਿ ਇਹ ਉਸਦਾ "ਨਿੱਜੀ ਹੈਲਪਲਾਈਨ ਨੰਬਰ" ਸੀ।