ਲੁਧਿਆਣਾ : ਅੱਧੀ ਦਰਜਨ ਨਕਾਬਪੋਸ਼ਾਂ ਨੇ ਹੌਜ਼ਰੀ ਮਾਲਕ ‘ਤੇ ਕੀਤਾ ਹਮਲਾ, 9.5 ਲੱਖ ਦੀ ਨਕਦੀ ਤੇ ਮੋਬਾਈਲ ਲੈ ਹੋਏ ਫਰਾਰ

ਲੁਧਿਆਣਾ ਪੰਜਾਬ ਦੇ ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ‘ਚ ਸ਼ੁੱਕਰਵਾਰ ਨੂੰ ਲੁਟੇਰਿਆਂ ਨੇ ਦਿਨ-ਦਿਹਾੜੇ ਇਕ ਵਪਾਰੀ ‘ਤੇ ਹਮਲਾ ਕਰ ਕੇ 2 ਲੱਖ ਰੁਪਏ ਦੇ ਮੋਬਾਇਲ ਫੋਨ ਅਤੇ 9.50 ਲੱਖ ਰੁਪਏ ਦੀ ਨਕਦੀ ਲੁੱਟ ਲਈ। ਦੋ ਮੋਟਰਸਾਈਕਲਾਂ ‘ਤੇ ਸਵਾਰ ਲੁਟੇਰਿਆਂ ਨੇ ਇਸ ਵਾਰਦਾਤ ਨੂੰ 12 ਸਕਿੰਟਾਂ ‘ਚ ਅੰਜਾਮ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸ਼ਿਵ ਹੌਜਰੀ ਫੈਕਟਰੀ ਦੇ ਮਾਲਕ ਰਾਧੇਸ਼ਿਆਮ ਥਾਪਰ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਸਿਟੀ ਹੌਂਡਾ ਕਾਰ ਵਿੱਚ ਫੈਕਟਰੀ ਆਇਆ ਸੀ ਕੁਝ ਸਕਿੰਟਾਂ ਬਾਅਦ ਵਿਚ ਮੈਂ ਕਾਰ ਤੋਂ ਬਾਹਰ ਆ ਗਿਆ। ਜਿਵੇਂ ਹੀ ਫੈਕਟਰੀ ਦੇ ਗੇਟ ਅੰਦਰ ਗਿਆ ਤਾਂ ਪਿੱਛੇ ਤੋਂ ਆਏ ਲੁਟੇਰੇ ਨੇ ਉਸ ਦੇ ਸਿਰ ‘ਤੇ ਰਾਡ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਇਸ ਦੌਰਾਨ ਲੁਟੇਰੇ ਉਸ ਕੋਲੋਂ ਬੈਗ ਖੋਹ ਕੇ ਫ਼ਰਾਰ ਹੋ ਗਏ। ਬੈਗ ‘ਚ 9.5 ਲੱਖ ਰੁਪਏ ਦੀ ਨਕਦੀ ਅਤੇ 2 ਲੱਖ ਰੁਪਏ ਦੇ ਮੋਬਾਈਲ ਫੋਨ ਸੀ।

ਲੁੱਟ ਦੀ ਸਾਰੀ ਘਟਨਾ ਫੈਕਟਰੀ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮੁਤਾਬਕ ਦੋ ਮੋਟਰਸਾਈਕਲਾਂ ’ਤੇ ਆਏ 6 ਲੁਟੇਰਿਆਂ ਨੇ ਮੂੰਹ ਬੰਨ੍ਹੇ ਹੋਏ ਸਨ। ਸਾਰਿਆਂ ਨੇ ਆਪਣੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਫੜੇ ਹੋਏ ਸਨ। ਪੁਲਿਸ ਹੁਣ ਮੋਟਰਸਾਈਕਲ ਦੇ ਨੰਬਰਾਂ ਨੂੰ ਟਰੇਸ ਕਰਨ ਵਿੱਚ ਲੱਗੀ ਹੋਈ ਹੈ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੈਕਟਰੀ ਮਾਲਕ ਦੇ ਡਰਾਈਵਰ ‘ਤੇ ਸ਼ੱਕ ਕੀਤਾ ਜਾ ਰਿਹਾ ਹੈ। ਕਿਉਂਕਿ ਉਸ ਨੇ ਪਹਿਲਾਂ ਤਾਂ ਗੱਡੀ ਕਾਰ ਫੈਕਟਰੀ ਤੋਂ ਦੂਰ ਪਾਰਕ ਕੀਤੀ ਸੀ ਅਤੇ ਮਾਲਕ ਨੂੰ ਗੇਟ ਤੱਕ ਪੈਦਲ ਜਾਣਾ ਪਿਆ। ਲੁਟੇਰੇ ਆ ਕੇ ਲੁੱਟ-ਖੋਹ ਕਰਨ ਲੱਗੇ। ਜਦੋਂ ਲੁਟੇਰੇ ਉਥੋਂ ਚਲੇ ਗਏ ਤਾਂ ਉਹ ਕਾਰ ਤੋਂ ਹੇਠਾਂ ਉਤਰ ਗਿਆ। ਥਾਣਾ ਮੋਤੀ ਨਗਰ ਦੇ ਇੰਚਾਰਜ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਉਹ ਸਾਰੇ ਪਹਿਲੂਆਂ ‘ਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।