ਮਾਨਸਾ ਪੁਲਿਸ ਵੱਲੋਂ ਸਾਈਬਰ ਅਪਰਾਧ ਅਤੇ ਆਨਲਾਈਨ ਠੱਗੀ ਪੀੜਤਾਂ ਲਈ ਸਾਈਬਰ ਹੈਲਪ ਡੈਸਕ ਵਿੰਡੋ ਦੀ ਸ਼ੁਰੂਆਤ

ਮਾਨਸਾ: ਮਾਨਸਾ ਪੁਲਿਸ ਵੱਲੋਂ ਸਾਈਬਰ ਅਪਰਾਧ ਅਤੇ ਆਨਲਾਈਨ ਠੱਗੀ ਪੀੜਤਾਂ ਲਈ ਸਾਈਬਰ ਹੈਲਪ ਡੈਸਕ ਵਿੰਡੋ ਦੀ ਸ਼ੁਰੂਆਤ ਕੀਤੀ ਗਈਊ ਹੈ। ਲੋਕਾਂ ਲਈ ਇਹ ਵਿੰਡੋ 24 ਘੰਟੇ ਖੁੱਲੀ ਰਹੇਗੀ। ਇਸਦੇ ਉਦਘਾਟਨ ਮੌਕੇ ਐਸ.ਐਸ.ਪੀ. ਦੀਪਕ ਪਾਰਿਕ  ਨੇ ਦੱਸਿਆ ਕਿ ਸਹੂਲਤ ਅਤੇ ਤਰੱਕੀ ਨਾਲ ਸਾਈਬਰ ਅਪਰਾਧ ਅਤੇ ਆਨਲਾਈਨ ਧੋਖਾਧੜੀ ਮਾਮਲਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਜਿਸ ਤਰਾਂ ਓ.ਟੀ.ਪੀ. ਧੋਖਾਧੜੀ, ਓ.ਐਲ.ਐਕਸ. ਧੋਖਾਧੜੀ, ਬੀਮਾ ਧੋਖਾਧੜੀ, ਪੇ. ਟੀ. ਐਮ./ਗੁਗਲ ਪੇਅ ਧੋਖਾਧੜੀ, ਜਾਅਲੀ ਸੋਸ਼ਲ ਮੀਡੀਆ ਖਾਤੇ ਅਤੇ ਸਾਈਬਰ ਸਟਾਕਿੰਗ ਆਮ ਆਨਲਾਈਨ ਧੋਖਾਧੜੀ ਸ਼ਾਮਲ ਹਨ।ਉਨਾਂ ਦੱਸਿਆ ਕਿ ਬਹੁਤ ਸਾਰੇ ਮਾਮਲਿਆ ਵਿੱਚ ਪੁਲਿਸ ਤੇ ਬੈਂਕਾ ਨੂੰ ਸਮੇਂ ਸਿਰ/ਤੁਰੰਤ ਸਾਈਬਰ ਅਪਰਾਧ ਦੀ ਰਿਪੋਰਟ ਕਰਨਾ, ਸਾਈਬਰ ਅਪਰਾਧੀ ਦੇ ਲੈਣ-ਦੇਣ ਖਾਤਿਆਂ ਨੂੰ ਬਲਾਕ ਕਰਕੇ ਪੈਸੇ ਵਾਪਸ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਸਾਈਬਰ ਅਪਰਾਧਾਂ ਦੀ ਸ਼ਿਕਾਇਤ ਦੇ ਮਾਮਲੇ ਵਿੱਚ ਸਮਾਂ ਬਹੁਤ ਮਹੱਤਵਪੂਰਨ ਹੈ। ਉਨਾਂ ਦੱਸਿਆ ਕਿ  ਨਾਗਰਿਕਾਂ ਨੂੰ ਸਾਈਬਰ ਅਪਰਾਧਾਂ ਸਬੰਧੀ ਅਸਾਨੀ ਨਾਲ ਸ਼ਿਕਾਇਤ ਕਰਨ ਲਈ 24 ਘੰਟੇ ਦੀ ਸਹੂਲਤ ਪ੍ਰਦਾਨ ਕਰਨ ਲਈ ਮਾਨਸਾ ਪੁਲਿਸ ਵੱਲੋ 24 ਘੰਟੇੇ ਸਾਈਬਰ ਹੈਲਪ ਡੈਸਕ ਸ਼ੁਰੂ ਕੀਤਾ ਗਿਆ ਹੈ।ਐਸ.ਐਸ.ਪੀ. ਨੇ ਦੱਸਿਆ ਕਿ ਇਹ ਹੈਲਪ ਡੈਸਕ ਦਫਤਰ ਐਸ.ਐਸ.ਪੀ ਮਾਨਸਾ ਦੇ ਨਜ਼ਦੀਕ ਸਥਿਤ ਹੈ। ਟਿਕਟ ਵਿੰਡੋ ਦੀ ਤਰਾਂ ਇੱਥੇ ਇੱਕ ਹੈਲਪ ਡੈਸਕ ਵਿੰਡੋ ਸਥਾਪਤ ਕੀਤੀ ਗਈ ਹੈ, ਜੋ ਪਬਲਿਕ ਦੀ ਸਹੂਲਤ ਲਈ 24 ਘੰਟੇ ਖੁੱਲੀ ਰਹੇਗੀ। ਸਾਈਬਰ ਧੋਖਾਧੜੀ ਨਾਲ ਪੀੜਤ ਜਾਂ ਸ਼ਿਕਾਇਤ ਕਰਤਾ ਦਿਨ ਜਾਂ ਰਾਤ ਕਿਸੇ ਵੀ ਸਮੇਂ ਹੈਲਪ ਡੈਸਕ ਵਿੰਡੋ ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਸਾਈਬਰ ਸੈੱਲ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਵੱਲੋਂ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਬੈਂਕ ਟ੍ਰਾਂਜੈਕਸ਼ਨ ਨੂੰ ਰੋਕਣ ਲਈ ਆਨਲਾਈਨ ਬੇਨਤੀ ਭੇਜਣਾ ਜਾਂ ਸ਼ੋਸ਼ਲ ਮੀਡੀਆ ’ਤੇ ਫਰਜੀ ਆਈ.ਡੀ. ਦੀ ਰਿਪੋਰਟ ਕਰਨਾ ਸ਼ਾਮਲ ਹੋਵੇਗਾ।

ਉਨਾਂ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਸਾਈਬਰ ਅਪਰਾਧਾਂ ਤੇ ਆਨਲਾਈਨ ਧੋਖਾਧੜੀ ਦੇ ਪੀੜਤਾਂ ਨੂੰ ਸ਼ਿਕਾਇਤ ਕਰਨ ਦੀ ਸਹੂਲਤ ਅਤੇ ਤਰੁੰਤ ਰਾਹਤ ਪ੍ਰਦਾਨ ਕਰਨਾ ਹੈ। ਇਸ ਲਈ ਸਾਈਬਰ ਸੈਲ ਮਾਨਸਾ ਦੀ ਵਧੀਆ ਕਾਰਗੁਜਾਰੀ ਲਈ ਸਾਈਬਰ ਸੈਲ ਦੀ ਟੀਮ ਨੂੰ ਵਿਸ਼ੇਸ ਸਿਖਲਾਈ ਦਿੱਤੀ ਗਈ ਹੈ। ਸਾਈਬਰ ਸੈੱਲ ਦੇ ਇੰਚਾਰਜ ਵਜੋਂ ਇੰਸਪੈਕਟਰ ਰੈਂਕ ਦਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 24 ਘੰਟੇ ਹੈਲਪ ਡੈਸਕ ਵਿੰਡੋ ਤੋ ਇਲਾਵਾ ਪੀੜਤ ਜਾ ਸ਼ਿਕਾਇਤ ਕਰਤਾ ਆਪਣੀਆ ਸ਼ਿਕਾਇਤਾ ਈ-ਮੇਲ ਆਈ.ਡੀssp.mansa@nic.in ’ਤੇ ਵੀ ਭੇਜ ਸਕਦੇ ਹਨ।

ਐਸ.ਐਸ.ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਹੈਲਪ ਡੈਸਕ ’ਤੇ ਤਾਇਨਾਤ ਪੁਲਿਸ ਕਰਮਚਾਰੀ ਦਾ ਵਰਤਾਓ ਸ਼ਿਕਾਇਤ ਕਰਤਾ ਨਾਲ ਬਹੁਤ ਮੱਦਦਗਾਰ ਅਤੇ ਨਿਮਰਤਾਪੂਰਨ ਵਾਲਾ ਹੋਵੇਗਾ ਅਤੇ ਸ਼ਿਕਾਇਤ ਕਰਤਾ ਨੂੰ ਦਰਖਾਸਤ ਨਾਲ ਸਬੰਧਤ ਹਰ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਇਸ ਹੈਲਪ ਡੈਸਕ ਰਾਹੀ ਸਾਈਬਰ ਅਪਰਾਧ/ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਪਬਲਿਕ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਵਿਸ਼ੇਸ ਮੁਹਿੰਮ ਰਾਹੀ ਸਕੂਲਾਂ, ਕਾਲਜਾਂ, ਪਿੰਡਾ, ਮੁਹੱਲਿਆ ਵਿੱਚ ਸੈਮੀਨਾਰ ਕਰਕੇ ਅਤੇ ਸੋਸ਼ਲ ਮੀਡੀਆ ਰਾਹੀ ਵੀ ਪਬਲਿਕ ਨੂੰ ਜਾਗਰੂਕ ਕੀਤਾ ਜਾਵੇਗਾ।