ਮੰਤਰੀਆਂ-ਵਿਧਾਇਕਾਂ ਦੀ ਆਮਦਨ ’ਤੇ ਲੱਗਣ ਵਾਲਾ ਟੈਕਸ ਸਰਕਾਰੀ ਖ਼ਜ਼ਾਨੇ 'ਚੋਂ ਭਰਨਾ ਬੰਦ ਕੀਤਾ ਜਾਵੇ: ਵਲਟੋਹਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਮਦਨੀ 'ਤੇ ਲੱਗਣ ਵਾਲੇ ਟੈਕਸ 'ਤੇ ਅਪੀਲ ਕੀਤੀ ਹੈ। ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਕਿਹਾ ਗਿਆ ਹੈ ਕਿ ਮੰਤਰੀਆਂ ਅਤੇ ਵਿਧਾਇਕਾਂ ਦੀ ਸਰਕਾਰੀ ਆਮਦਨ ’ਤੇ ਲੱਗਣ ਵਾਲਾ ਟੈਕਸ ਸਰਕਾਰੀ ਖ਼ਜ਼ਾਨੇ ਵਿਚੋਂ ਭਰਨਾ ਵੀ ਬੰਦ ਕਰ ਦਿੱਤਾ ਜਾਵੇ। ਇਹ ਟਿੱਪਣੀ ਉਨ੍ਹਾਂ ਵੱਲੋਂ ਸੀਐੱਮ ਭਗਵੰਤ ਮਾਨ ਦੇ ਪਹਿਲਾਂ ਜਤਾਏ ਇਤਰਾਜ਼ ਨੂੰ ਲੈ ਕੇ ਕੀਤੀ ਗਈ ਹੈ।ਅਕਾਲੀ ਆਗੂ ਵੱਲੋਂ ਇਸ ਬਾਰੇ ਆਪਨੇ ਫੇਸਬੁੱਕ 'ਤੇ ਲਿਖਿਆ ਹੈ, "ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਨੂੰ ਚੇਤੇ ਕਰਵਾਇਆ ਜਾਂਦਾ ਹੈ ਕਿ ਤੁਸਾਂ ਤੇ ਤੁਹਾਡੀ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਵਿੱਚ ਹੁੰਦਿਆਂ ਪੰਜਾਬ ਦੇ ਮੌਜੂਦਾ ਵਿਧਾਇਕਾਂ ਅਤੇ ਮੁੱਖ ਮੰਤਰੀ ਸਮੇਤ ਸਮੂੰਹ ਮੰਤਰੀਆਂ ਦਾ ਇਨਕਮ ਟੈਕਸ ਪੰਜਾਬ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਵਿੱਚੋਂ ਭਰੇ ਜਾਣ 'ਤੇ ਬਹੁਤ ਇਤਰਾਜ਼ ਉਠਾਏ ਸੀ ਅਤੇ ਬਣਦਾ ਹੋਇਆ ਇਨਕਮ ਟੈਕਸ ਵਿਧਾਇਕ, ਮੁੱਖ ਮੰਤਰੀ ਅਤੇ ਸਮੂੰਹ ਮੰਤਰੀ ਸਾਹਿਬਾਨ ਖੁਦ ਆਪਣੇ ਕੋਲੋਂ ਅਦਾ ਕਰਨ ਦੀ ਵਾਰ ਵਾਰ ਗੱਲ ਕੀਤੀ ਸੀ ਤੇ ਜੋਰਦਾਰ ਢੰਗ ਨਾਲ ਕਈ ਵਾਰ ਮੰਗ ਕੀਤੀ ਸੀ।"ਇਸ ਤੋਂ ਉਨ੍ਹਾਂ ਵੱਲੋਂ ਕਿਹਾ ਗਿਆ, ''ਸੋ ਲਗਦੇ ਹੱਥ ਪੰਜਾਬ ਦੀ ਬੇਹਤਰੀ ਲਈ ਮੁੱਖ ਮੰਤਰੀ, ਸਮੂੰਹ ਮੰਤਰੀਆਂ ਅਤੇ ਵਿਧਾਇਕਾਂ ਦਾ ਇਨਕਮ ਟੈਕਸ ਸਰਕਾਰੀ ਖਜਾਨੇ 'ਚੋਂ ਭਰਨ 'ਤੇ ਰੋਕ ਦੇ ਹੁਕਮ ਵੀ ਤੁਰਤ ਜਾਰੀ ਕਰ ਦਿਉ ਤਾਂ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੇ ਲੋਕਾਂ ਦੀ ਬੇਹਤਰੀ ਲਈ ਵਰਤਿਆ ਜਾ ਸਕੇ।ਇਨਕਲਾਬ-ਜਿੰਦਾਬਾਦ।" ਜਿਕਰਯੋਗ ਇਹ ਹੈ ਕਿ ਪੰਜਾਬ ਵਿਚ ਮੰਤਰੀਆਂ ਅਤੇ ਵਿਧਾਇਕਾਂ ਦੀ ਸਰਕਾਰੀ ਆਮਦਨ ’ਤੇ ਲੱਗਣ ਵਾਲਾ ਟੈਕਸ ਸਰਕਾਰੀ ਖ਼ਜ਼ਾਨੇ ਵਿਚੋਂ ਭਰਿਆ ਜਾਂਦਾ ਹੈ।