ਚੰਡੀਗੜ, : ਕੌਮੀ ਸਫਾਈ ਕਰਮਚਾਰੀ ਅਤੇ ਵਿੱਤ ਵਿਕਾਸ ਨਿਗਮ (ਐਨਐਸਕੇਐਫਡੀਸੀ) ਅਤੇ ਹੋਰ ਪ੍ਰਮੁੱਖ ਕਾਰਪੋਰੇਸਨਾਂ ਵੱਲੋਂ 26 ਮਾਰਚ, 2022 ਨੂੰ ਸਵੇਰੇ 11 ਵਜੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸਨ, ਸੈਕਟਰ-26, ਚੰਡੀਗੜ ਵਿਖੇ ਇੱਕ ਲੋਨ ਮੇਲਾ ਅਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਵਰਿੰਦਰ ਕੁਮਾਰ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਕੌਮੀ ਸਫਾਈ ਕਰਮਚਾਰੀ ਅਤੇ ਵਿੱਤ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਪੀ.ਕੇ.ਸਿੰਘ ਨੇ ਅੱਜ ਉਕਤ ਸਥਾਨ ਦਾ ਨਿਰੀਖਣ ਕੀਤਾ। ਪ੍ਰਮੁੱਖ ਕਾਰਪੋਰੇਸਨਾਂ ਜਿਵੇਂ ਕਿ ਐਨਐਸਕੇਐਫਡੀਸੀ, ਐਨਐਚਐਫਡੀਸੀ, ਐਨਐਸਐਫਡੀਸੀ, ਐਨਬੀਸੀਐਫਡੀਸੀ ਅਤੇ ਏਐਲਆਈਐਮਸੀਓ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ, ਪੰਜਾਬ (ਬੈਕਫਿੰਕੋ), ਹਰਿਆਣਾ ਐਸਸੀ ਕਾਰਪੋਰੇਸ਼ਨ, ਹਰਿਆਣਾ ਬੀਸੀ ਕਾਰਪੋਰੇਸ਼ਨ, ਚੰਡੀਗੜ ਯੂਟੀ ਐਸਸੀ/ਬੀਸੀ/ਘੱਟ ਗਿਣਤੀ ਵਿੱਤ ਵਿਕਾਸ ਨਿਗਮ ਦੀਆਂ ਸਟੇਟ ਚੈਨਲਾਈਜਿੰਗ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਐਨਐਸਕੇਐਫਡੀਸੀ ਦੇ ਐਮਡੀ ਨੇ ਪ੍ਰੋਗਰਾਮ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਦੱਸਿਆ ਕਿ ਇਹ ਪੰਜਾਬ, ਹਰਿਆਣਾ ਅਤੇ ਚੰਡੀਗੜ (ਯੂਟੀ) ਰਾਜਾਂ ਵਿੱਚ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ, ਪੀਡਬਲਯੂਡੀ ਅਤੇ ਸਫ਼ਾਈ ਕਰਮਚਾਰੀਆਂ ਦੇ ਲਾਭਪਾਤਰੀਆਂ ਤੱਕ ਪਹੁੰਚ ਕਰਨ ਦਾ ਇੱਕ ਵਧੀਆ ਮੌਕਾ ਹੈ।
ਮੀਟਿੰਗ ਦੌਰਾਨ ਐਨਐਸਕੇਐਫਡੀਸੀ ਦੇ ਐਮਡੀ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਓ.ਬੀ.ਸੀ., ਅਨੁਸੂਚਿਤ ਜਾਤੀਆਂ, ਦਿਵਿਆਂਗ ਵਿਅਕਤੀਆਂ, ਸਫਾਈ ਕਰਮਚਾਰੀਆਂ, ਹੱਥੀਂ ਸਫਾਈ ਕਰਨ ਵਾਲਿਆਂ ਅਤੇ ਕੂੜਾ ਚੁੱਕਣ ਵਾਲਿਆਂ ਦੇ ਟਾਰਗੇਟ ਗਰੁੱਪਾਂ ਲਈ ਇੱਕ ਸਿਹਤ ਕੈਂਪ ਵੀ ਲਗਾਇਆ ਜਾਵੇਗਾ।
ਟਾਰਗੇਟ ਗਰੁੱਪਾਂ ਦੇ ਯੋਗ ਲਾਭਪਾਤਰੀਆਂ ਨੂੰ ਵੱਖ-ਵੱਖ ਟਿਕਾਊ ਸਵੈ-ਰੋਜਗਾਰ ਪ੍ਰੋਜੈਕਟਾਂ ਲਈ ਕਰਜਾ ਮਨਜੂਰੀ / ਵੰਡ ਦੇ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ।
ਏਐਲਆਈਐਮਸੀਓ ਵੱਲੋਂ ਮੌਕੇ ‘ਤੇ ਦਿਵਿਆਂਗ ਵਿਅਕਤੀਆਂ (ਪੀਡਬਲਿਊਡੀਜ਼) ਲਈ ਸਹਾਇਕ ਉਪਕਰਣਾਂ ਦਾ ਮੁਲਾਂਕਣ ਕੀਤਾ ਜਾਵੇਗਾ।