ਏ. ਐਸ. ਕਾਲਜ ਦੀ 69ਵੀਂ ਸਾਲਾਨਾ ਐਥਲੈਟਿਕ ਮੀਟ ਦਾ ਆਰੰਭ, ਪਹਿਲੇ ਦਿਨ ਹੋਈ ਐਥਲੈਟਿਕ ਮੀਟ

ਖੰਨਾ, (ਪਰਮਜੀਤ ਸਿੰਘ ਧੀਮਾਨ)- ਅੱਜ ਸਥਾਨਕ ਸਮਰਾਲਾ ਰੋਡ ਸਥਿਤ ਏ. ਐਸ. ਕਾਲਜ ਦੀ 69ਵੀਂ ਸਾਲਾਨਾ ਐਥਲੈਟਿਕ ਮੀਟ ਦਾ ਆਰੰਭ ਕਾਲਜ ਦੇ ਮਦਨ ਗੋਪਾਲ ਚੋਪੜਾ ਸਟੇਡੀਅਮ ਵਿਚ ਬੜੇ ਉਤਸ਼ਾਹ ਨਾਲ ਕੀਤਾ ਗਿਆ। ਇਸ ਦੋ-ਰੋਜ਼ਾ ਖੇਡ ਸਮਾਰੋਹ ਦਾ ਉਦਘਾਟਨ ਮੁੱਖ ਮਹਿਮਾਨ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਕੀਤਾ ਅਤੇ ਨਗਰ ਸੁਧਾਰ ਟਰੱਸਟ ਖੰਨਾ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਅਤੇ ਖੱਤਰੀ ਚੇਤਨਾ ਮੰਚ ਅਤੇ ਚੈਰੀਟੇਬਲ ਟਰੱਸਟ ਖੰਨਾ ਦੇ ਪ੍ਰਧਾਨ ਅਤੇ ਰਾਜਿੰਦਰ ਪੁਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੇ ਆਰੰਭ ਵਿਚ ਕਾਲਜ ਦੇ ਪਿ੍ਰੰਸੀਪਲ ਡਾ. ਆਰ. ਐਸ. ਝਾਂਜੀ ਨੇ ਮੁੱਖ ਮਹਿਮਾਨ, ਇਲਾਕੇ ਭਰ ’ਚੋਂ ਆਏ ਖੇਡ-ਪ੍ਰੇਮੀਆਂ, ਖਿਡਾਰੀਆਂ ਅਤੇ ਦਰਸ਼ਕਾਂ ਨੂੰ ‘ਜੀ ਆਇਆ ਨੂੰ’ ਕਿਹਾ। ਖੇਡ ਸਮਾਰੋਹ ਦੇ ਸ਼ੁਰੂ ਵਿਚ ਕਾਲਜ ਦੇ ਐਨ. ਸੀ. ਸੀ. ਕੈਡਿਟਾਂ, ਐਨ. ਐਸ. ਐਸ. ਵਲੰਟੀਅਰਾਂ ਦੇ ਲੜਕੇ ਅਤੇ ਲੜਕੀਆਂ ਦੇ ਯੂਨਿਟ, ਰੋਟਰੈਕਟ ਕਲੱਬ ਦੇ ਮੈਂਬਰਾਂ, ਸਰੀਰਕ ਸਿੱਖਿਆ ਵਿਭਾਗ ਦੇ ਖਿਡਾਰੀ ਵਿਦਿਆਰਥੀਆਂ ਨੇ ਮਾਰਚ-ਪਾਸਟ ਵਿਚ ਹਿੱਸਾ ਲਿਆ।
           ਇਸ ਮੌਕੇ ਜੋਸ਼, ਸ਼ਾਂਤੀ ਅਤੇ ਪਵਿੱਤਰਤਾ ਦੇ ਪ੍ਰਤੀਕ ਗ਼ੁਬਾਰੇ ਉਡਾਏ ਗਏ। ਇਸ ਤੋਂ ਬਿਨਾਂ ਖੇਡ ਮੈਦਾਨ ਵਿਚ ਸ਼ਾਨਦਾਰ ਆਤਿਸ਼ਬਾਜ਼ੀ ਵੀ ਕੀਤੀ ਗਈ। ਇਸ ਵਰ੍ਹੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਜੇਤੂ ਰਹੇ ਖਿਡਾਰੀਆਂ ਨੇ ਮਸ਼ਾਲ ਬਾਲਣ ਦੀ ਰਸਮ ਅਦਾ ਕੀਤੀ। ਮਸ਼ਾਲ ਬਾਲਣ ਦੀ ਰਸਮ ਕਾਲਜ ਦੇ ਖਿਡਾਰੀ ਗੁਰਵਿੰਦਰ ਸਿੰਘ ਨੇ ਕੀਤੀ। ਡੀਨ ਆਫ਼ ਸਪੋਰਟਸ ਡਾ. ਸੰਜੇ ਤਲਵਾਨੀ ਦੀ ਅਗਵਾਈ ਹੇਠ ਹੋਈਆਂ ਖੇਡਾਂ ਦੇ ਆਰੰਭ ਵਿਚ ਖਿਡਾਰੀਆਂ ਵਲੋਂ ਸੰਦੀਪ ਕੌਰ ਅਤੇ ਜੱਜਾਂ ਵਲੋਂ ਡਾ. ਬਲਵਿੰਦਰ ਕੁਮਾਰ ਅਗਰਵਾਲ ਨੇ ਖੇਡ
ਮੁਕਾਬਲਿਆਂ ਵਿਚ ਹਿੱਸਾ ਲੈਣ ਅਤੇ ਨਤੀਜੇ ਐਲਾਨਣ ਵਿਚ ਸੱਚੀ-ਸੁੱਚੀ ਖੇਡ ਭਾਵਨਾ ਨੂੰ ਕਾਇਮ ਰੱਖਣ ਦੀ ਸਹੁੰ ਚੁੱਕੀ। ਇਸ ਮੌਕੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਕਾਲਜ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ, ਕਾਲਜ ਪਿ੍ਰੰਸੀਪਲ ਅਤੇ ਡੀਨ ਆਫ਼ ਸਪੋਰਟਸ ਨੇ ਸਾਂਝੇ ਤੌਰ ’ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
          ਖੇਡ ਸਮਾਰੋਹ ਦੇ ਆਰੰਭ ਵਿਚ ਕਾਲਜ ਵਿਦਿਆਰਥਣਾਂ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ। ਆਪਣੇ ਉਦਘਾਟਨੀ ਭਾਸ਼ਣ ਵਿਚ ਮੁੱਖ ਮਹਿਮਾਨ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਏ. ਐਸ. ਕਾਲਜ ਖੰਨਾ ਦੀ ਮਿਆਰੀ ਵਿੱਦਿਆ ਦੇਣ, ਖੇਡ-ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਅਨੁਸ਼ਾਸਨ ਦੇ ਖੇਤਰ ਵਿਚ ਮੋਹਰੀ ਸੰਸਥਾ ਹੋਣ ਲਈ ਭਰਪੂਰ ਸ਼ਲਾਘਾ ਕੀਤੀ ਅਤੇ ਵਿਸ਼ੇਸ਼ ਮਹਿਮਾਨ  ਗੁਰਮਿੰਦਰ ਸਿੰਘ ਲਾਲੀ ਅਤੇ ਰਾਜਿੰਦਰ ਪੁਰੀ ਨੇ ਸਮਾਜ ਪ੍ਰਤੀ ਵਿਦਿਆਰਥੀਆਂ ਦੀ ਜ਼ਿੰਮੇਵਾਰੀ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੂੰ ਸਿਹਤ ਪ੍ਰਤੀ ਸੁਚੇਤ ਹੋਣ ਅਤੇ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਕਾਲਜ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਅੱਜ ਸਪੋਰਟਸ ਮੀਟ ਦੇ ਪਹਿਲੇ ਦਿਨ 1500 ਮੀ. ਦੌੜ, ਸ਼ਾਟ ਪੁੱਟ, 400 ਮੀ. ਦੌੜ, 800 ਮੀ. ਦੌੜ, ਲੰਬੀ ਛਾਲ, ਤਿੰਨ ਟੰਗੀ ਦੌੜ (ਲੜਕੀਆਂ), 200 ਮੀ. ਦੌੜ, 400 ਮੀ. ਦੌੜ (ਲੜਕੀਆਂ), ਨੇਜ਼ਾ ਸੁੱਟਣ, ਤਿੰਨ-ਟੰਗੀ ਦੌੜ (ਲੜਕੇ), 400 ਮੀ. ਰਿਲੇਅ ਰੇਸ, ਉੱਚੀ ਛਾਲ (ਲੜਕੀਆਂ), ਲੰਬੀ ਛਾਲ (ਲੜਕੀਆਂ), 100 ਮੀਟਰ ਦੌੜ (ਲੜਕੀਆਂ), ਸੈਕ-ਰੇਸ, ਸਲੋ-ਸਾਇਕਲਿੰਗ ਆਦਿ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਲੋਂ ਰਾਜ-ਪੱਧਰੀ ਅਤੇ ਯੂਨੀਵਰਸਿਟੀ ਮੁਕਾਬਲਿਆਂ ਦੇ ਜੇਤੂ ਛੱਬੀ ਯੂਨੀਵਰਸਿਟੀ ਬਲੂਜ਼ ਅਤੇ ਕੋਚ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਰਾਜਿੰਦਰ ਪੁਰੀ ਨੇ ਵਿਦਿਆਰਥੀਆਂ ਦੇ ਵਿਕਾਸ ਪ੍ਰੋਜੈਕਟਾਂ ਲਈ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਗੁਰਵੀਰ ਸਿੰਘ ਅਤੇ ਡਾ. ਗਗਨਪ੍ਰੀਤ ਸ਼ਰਮਾ ਦੀ ਸੁਚੱਜੀ ਦੇਖ-ਰੇਖ ਹੇਠ ਆਰੰਭ ਹੋਈ ਐਥਲੈਟਿਕ ਮੀਟ ਦੇ ਪਹਿਲੇ ਦਿਨ ਹੋਰਨਾਂ ਤੋਂ ਇਲਾਵਾ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਮੀਤ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਬਰਿੰਦਰ ਡੈਵਿਟ, ਕਾਲਜ ਸਕੱਤਰ ਤੇਜਿੰਦਰ ਸ਼ਰਮਾ ਵੋਮੈਨ ਕਾਲਜ ਸਕੱਤਰ ਐਡਵੋਕੇਟ ਅਮਿਤ ਵਰਮਾ, ਏ. ਐਸ. ਕਾਲਜ ਫ਼ਾਰ ਐਜੂਕੇਸ਼ਨ ਦੇ ਸਕੱਤਰ ਦਿਨੇਸ਼ ਕੁਮਾਰ ਸ਼ਰਮਾ,  ਏ. ਐਸ. ਸੀਨੀਅਰ ਸੈਕੰਡਰੀ ਦੇ ਮੈਨੇਜਰ ਐਡਵੋਕੇਟ ਸੁਮਿਤ ਲੂਥਰਾ ਅਤੇ ਟਰੱਸਟ ਦੇ ਮੈਂਬਰਾਨ ਰਾਜੇਸ਼ ਕੁਮਾਰ ਡਾਲੀ, ਸੰਜੀਵ ਧਮੀਜਾ, ਰਜਨੀਸ਼ ਬੇਦੀ, ਅਜੇ ਸੂਦ, ਕਰੁਣ ਅਰੋੜਾ, ਮਨੀਸ਼ ਭਾਂਬਰੀ, ਮੋਹਿਤ ਗੋਇਲ ਤੋਂ ਇਲਾਵਾ ਰਾਜ ਸਾਹਨੇਵਾਲੀਆ, ਅੰਮ੍ਰਿਤ ਲਾਲ ਲੁਟਾਵਾ, ਮੁਕੇਸ਼ ਮਹਿਤਾ, ਸ਼ਰਦ ਇੰਦਰ, ਬਲਵੀਰ ਸਿੰਘ ਐਸਟੀਓ, ਰਣਬੀਰ ਸਿੰਘ ਕਾਕਾ, ਅੱਛਰ ਸ਼ਰਮਾ ਅਤੇ ਡਾ. ਪਵਨ ਕੁਮਾਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।