ਸਾਈਕਲ ਚੋਰੀ ਦੇ ਮਾਮਲੇ ਵਿਚ ਗ੍ਰਿਫਤਾਰ ਸ਼ੱਕੀ ਦੋਸ਼ੀ ਦੀ ਮੌਤ ਲਈ ਦੋਸ਼ੀ ਪਾਏ ਗਏ 5 ਪੁਲਿਸ ਅਧਿਕਾਰੀ ਬਰਖਾਸਤ

ਸੈਕਰਾਮੈਂਟੋ   (ਹੁਸਨ ਲੜੋਆ ਬੰਗਾ) ਪਿਟਸਬਰਗ ਵਿਚ ਪਿਛਲੇ ਸਾਲ ਅਕਤੂਬਰ ਵਿਚ ਸਾਈਕਲ ਚੋਰੀ ਦੇ ਮਾਮਲੇ ਵਿਚ ਗ੍ਰਿਫਤਾਰ ਇਕ ਵਿਅਕਤੀ ਦੀ ਹੋਈ ਮੌਤ ਦੀ ਅੰਦਰੂਨੀ ਜਾਂਚ ਵਿਚ 5 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਪਾਇਆ ਗਿਆ ਹੈ ਜਿਨਾਂ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪਬਲਿਕ ਸੇਫਟੀ ਡਾਇਰੈਕਟਰ ਲੀ ਸ਼ਮਿਡਟ ਨੇ ਮੇਅਰ ਐਡ ਗੇਨੀ ਨਾਲ ਪ੍ਰੈਸ ਕਾਨਫਰੰਸ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਸਬੰਧਿਤ ਪੁਲਿਸ ਅਧਿਕਾਰੀ 14 ਦਿਨਾਂ ਦੇ ਅੰਦਰ ਖੇਤਰੀ ਕੌਂਸਲ ਵਿਚ ਆਪਣੀ ਬਰਖਾਸਤਗੀ ਨੂੰ ਚੁਣੌਤੀ ਦੇ ਸਕਦੇ ਹਨ। ਉਨਾਂ ਕਿਹਾ ਕਿ ਇਹ ਪੁਲਿਸ ਅਧਿਕਾਰੀ ਸੇਵਾ ਮੁਕਤ ਹੋਣ ਦਾ ਰਾਹ ਵੀ ਚੁਣ ਸਕਦੇ ਹਨ। ਇਸ ਮਾਮਲੇ ਵਿਚ 3 ਹੋਰ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਜਾਰੀ ਰਖਣ ਦੀ ਇਜਾਜ਼ਤ ਦਿੱਤੀ ਗਈ ਹੈ ਪਰੰਤੂ ਮਿਲੀ ਜਾਣਕਾਰੀ ਅਨੁਸਾਰ  ਇਨਾਂ ਨੂੰ ਦੁਬਾਰਾ ਸਿਖਲਾਈ ਦਿੱਤੀ ਜਾਵੇਗੀ। ਬਰਖਾਸਤ ਕੀਤੇ ਜਾਣ ਵਾਲੇ ਅਧਿਕਾਰੀਆਂ ਦੇ ਨਾਂ ਜਨਤਿਕ ਨਹੀਂ ਕੀਤੇ ਹਨ। ਬਪਬਲਿਕ ਸੇਫਟੀ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ 54 ਸਾਲਾ ਜਿਮ ਰੋਜਰਸ ਨੂੰ 13 ਅਕਤੂਬਰ ਨੂੰ ਪਿਟਸਬਰਗ   ਪੁਲਿਸ ਨੇ ਹਿਰਾਸਤ ਵਿਚ ਲਿਆ ਸੀ। ਹਿਰਾਸਤ ਵਿਚ ਉਸ ਨੂੰ ਬਿਜਲੀ ਦਾ ਝਟਕਾ ਦਿੱਤਾ ਗਿਆ ਜਿਸ ਦੌਰਾਨ ਉਹ ਬੇਹੋਸ਼  ਹੋ  ਗਿਆ। ਉਸ ਨੂੰ ਮਰਸੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਹ ਦਮ ਤੋੜ ਗਿਆ। ਡਾਕਟਰੀ ਜਾਂਚ ਵਿਚ ਕਿਹਾ ਗਿਆ ਸੀ ਕਿ ਰੋਜਰਸ ਦੀ ਮੌਤ ਦਿਮਾਗ ਨੂੰ ਘੱਟ ਆਕਸੀਜਨ ਮਿਲਣ ਦੇ ਸਿੱਟੇ ਵਜੋਂ ਹੋਈ ਹੈ। ਪੁਲਿਸ ਦਾ ਤਰਕ ਸੀ ਕਿ ਟੇਜਰ ਦੀ ਵਰਤੋਂ ਇਸ ਲਈ ਕਰਨੀ ਪਈ ਸੀ ਕਿਉਂਕਿ ਰੋਜਰਸ ਉਸ ਦੇ ਆਦੇਸ਼ ਮੰਨਣ ਤੋਂ ਇਨਕਾਰੀ ਸੀ। ਇਸ ਮਾਮਲੇ ਦੀ ਬੋਰਡ ਵੱਲੋਂ ਕੀਤੀ ਗਈ ਜਾਂਚ ਵਿਚ ਪਾਇਆ ਗਿਆ ਕਿ ਪ੍ਰਕ੍ਰਿਆ ਨੂੰ ਅਪਣਾਉਣ ਵਿਚ ਹੋਈ ਕੁਤਾਹੀ ਕਾਰਨ ਰੋਜਰਸ ਦੀ ਮੌਤ ਹੋਈ ਹੈ। ਮੇਅਰ ਗੇਨੀ ਨੇ ਪ੍ਰੈਸ ਕਾਨਫੰਰਸ ਦੌਰਾਨ ਕਿਹਾ ਕਿ ਰੋਜਰਸ ਪੁਲਿਸ ਅਧਿਕਾਰੀਆਂ ਹੱਥੋਂ ਮਾਰੇ ਜਾਣ ਦੀ ਹੱਕਦਾਰ ਨਹੀਂ ਸੀ, ਉਹ ਜੀਣ ਦਾ ਹੱਕਦਾਰ ਸੀ। ਇਥੇ ਜਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਦੋ ਸੁਪਰਵਾਈਜਰਾਂ ਸਮੇਤ 8 ਪੁਲਿਸ ਅਧਿਕਾਰੀਆਂ ਨੂੰ ਤਨਖਾਹ ਸਮੇਤ ਮੁਅਤਲ ਕਰ ਦਿੱਤਾ ਗਿਆ  ਸੀ ਤੇ ਮਾਮਲੇ ਦੀ  ਅੰਦਰੂਨ ਬੋਰਡ ਦੁਆਰਾ ਜਾਂਚ ਦੇ  ਆਦੇਸ਼ ਦਿੱਤੇ ਗਏ ਸਨ।