‘ਸਿੱਧੂ ਨੇ ਅਸਤੀਫਾ ਜ਼ਰੂਰ ਦਿੱਤਾ ਹੈ ਪਰ ਹਾਈਕਮਾਨ ਨੇ ਅਜੇ ਮਨਜ਼ੂਰ ਨਹੀਂ ਕੀਤਾ’ : ਸੁਖਪਾਲ ਖਹਿਰਾ

ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਵਿਚ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਸਮਰਥਕਾਂ ਦੀ ਭੀੜ ਜੁਟਾਈ। ਇਸ ਵਿਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਤੋਂ ਇਲਾਵਾ ਚੋਣ ਹਾਰੇ ਕਈ ਉਮੀਦਵਾਰ ਸ਼ਾਮਲ ਹੋਏ। ਮੀਟਿੰਗ ਵਿਚ ਖਹਿਰਾ ਨੇ ਕਿਹਾ ਕਿ ਮੀਟਿੰਗ ਨੂੰ ਕਿਸੇ ਗੁੱਟਬਾਜ਼ੀ ਨਾਲ ਜੋੜ ਕੇ ਨਾ ਦੇਖਿਆ ਜਾਵੇ।ਉਨ੍ਹਾਂ ਕਿਹਾ ਕਿ ਸਿੱਧੂ ਨੇ ਅਸਤੀਫਾ ਜ਼ਰੂਰ ਦੇ ਦਿੱਤਾ ਹੈ ਪਰ ਕਾਂਗਰਸ ਹਾਈਕਮਾਨ ਨੇ ਅਜੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਹੈ। ਇਸ ਨਾਤੇ ਉਹ ਅਜੇ ਪ੍ਰਧਾਨ ਹਨ ਅਤੇ ਇਸ ਲਈ ਇਹ ਮੀਟਿੰਗ ਕੀਤੀ ਗਈ ਪੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਕੇਂਦਰੀ ਨਿਯਮ ਲਾਗੂ ਕਰਨ ਸਣੇ ਕਈ ਹੋਰ ਮੁੱਦਿਆਂ ‘ਤੇ ਇਸ ਦੌਰਾਨ ਚਰਚਾ ਕੀਤੀ ਗਈ।

ਹਫਤੇ ਦੇ ਅੰਦਰ ਸਿੱਧੂ ਸਮਰਥਕਾਂ ਦੀ ਇਹ ਦੂਜੀ ਮੀਟਿੰਗ ਹੈ। ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਸਿੱਧੂ ਪ੍ਰਧਾਨਗੀ ਵਾਪਸ ਲੈਣ ਲਈ ਹਾਈਕਮਾਨ ਨੂੰ ਆਪਣੀ ਤਾਕਤ ਦਿਖਾ ਰਹੇ ਹਨ। ਪੰਜਾਬ ਵਿਚ ਕਾਂਗਰਸ ਦੀ ਚੋਣ ਵਿਚ ਹਾਰ ਹੋਈ। ਹਾਲਾਂਕਿ ਸਿੱਧੂ ਤੇ ਉਸ ਦੇ ਸਮਰਥਕ ਇਸ ਦਾ ਠੀਕਰਾ ਚਰਨਜੀਤ ਸਿੰਘ ਚੰਨੀ ‘ਤੇ ਫੋੜ ਰਹੇ ਹਨ।ਉਨ੍ਹਾਂ ਦਾ ਤਰਕ ਹੈ ਕਿ ਚੋਣ ਚੰਨੀ ਦੇ 111 ਦਿਨ ਦੇ ਮੁੱਖ ਮੰਤਰੀ ਕਾਰਜਕਾਲ ‘ਤੇ ਲੜਿਆ ਗਿਆ। ਚੋਣ ‘ਚ ਚੰਨੀ ਹੀ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਰਹੇ। ਇਸ ਲਈ ਹਾਰ ਦੀ ਜ਼ਿੰਮੇਵਾਰੀ ਵੀ ਚੰਨੀ ਦੀ ਹੀ ਹੈ।

ਸਿੱਧੂ ਨੇ 3 ਦਿਨ ਪਹਿਲਾਂ ਸੁਲਤਾਨਪੁਰ ਲੋਧੀ ਵਿਚ ਮੀਟਿੰਗ ਕੀਤੀ ਸੀ। ਉਥੇ ਮੌਜੂਦਾ ਵਿਧਾਇਕ ਸੁਖਪਾਲ ਖਹਿਰਾ ਤੇ ਬਲਵਿੰਦਰ ਧਾਲੀਵਾਲ ਤੋਂ ਇਲਾਵਾ ਲਗਭਗ 20 ਕਾਂਗਰਸੀ ਨੇਤਾ ਸ਼ਾਮਲ ਹੋਏ। ਜਿਨ੍ਹਾਂ ਵਿਚ ਨਵਤੇਜ ਚੀਮਾ ਤੇ ਗੁਰਪ੍ਰੀਤ ਜੀਪੀ ਤਾਂ ਖੁੱਲ੍ਹੇਆਮ ਚੰਨੀ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ। ਇਸ ਤੋਂ ਇਲਾਵਾ ਵੀ ਕਈ ਨੇਤਾ ਮੰਨ ਰਹੇ ਹਨ ਕਿ ਜੇਕਰ ਸਿੱਧੂ ਮੁੱਖ ਮੰਤਰੀ ਚਿਹਰਾ ਹੁੰਦੇ ਤਾਂ ਪੰਜਾਬ ਤੇ ਖਾਸ ਕਰਕੇ ਮਾਲਵਾ ਵਿਚ ਆਪ ਦੀ ਸੁਨਾਮੀ ਨੂੰ ਰੋਕ ਸਕਦੇ ਸੀ।