ਵੱਡੀ ਖ਼ਬਰ: ਨਿਹੰਗ ਜਥੇਬੰਦੀਆਂ ‘ਚ ਚੱਲੀਆਂ ਗੋਲੀਆਂ, 8 ਜਣੇ ਜ਼ਖਮੀ

ਭਿੱਖੀਵਿੰਡ : ਸੰਪਰਦਾ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਅਤੇ ਉਨ੍ਹਾਂ ਦੇ ਭਰਾ ਬਾਬਾ ਗੁਰਬਚਨ ਸਿੰਘ ਦਰਮਿਆਨ ਚੱਲ ਰਿਹਾ ਜਾਇਦਾਦ ਦਾ ਝਗੜਾ ਖੂਨੀ ਰੂਪ ਧਾਰਨ ਕਰ ਗਿਆ ਹੈ। ਇਸੇ ਵਿਵਾਦ ਦੇ ਚੱਲਦਿਆਂ ਗੋਲੀਆਂ ਚੱਲਣ ਦੀ ਵਾਪਰੀ ਘਟਨਾ ’ਚ ਜਿਥੇ ਬਾਬਾ ਅਵਤਾਰ ਸਿੰਘ ਹੁਰਾਂ ਦੇ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ, ਉਥੇ ਹੀ ਬਾਬਾ ਗੁਰਬਚਨ ਸਿੰਘ ਧਿਰ ਦੇ ਵੀ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਸੁਰਸਿੰਘ ਵਿਖੇ ਸਥਿਤ ਠੰਢੇ ਖੂਹ ਵਾਲੀ ਜ਼ਮੀਨ ਨੂੰ ਬਾਬਾ ਅਵਤਾਰ ਸਿੰਘ ਹੁਰਾਂ ਦੇ ਕੁਝ ਵਿਅਕਤੀ ਵਾਹ ਰਹੇ ਸਨ ਤਾਂ ਛੋਟੇ ਭਰਾ ਬਾਬਾ ਗੁਰਬਚਨ ਸਿੰਘ ਦੇ ਸਮੱਰਥਕਾਂ ਦੇ ਉਥੇ ਪਹੁੰਚਣ ਦੌਰਾਨ ਵਿਵਾਦ ਹੋ ਗਿਆ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਗੁਰਬਚਨ ਸਿੰਘ ਦੇ ਸਮਰਥਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਖੂਹ ਵਾਲੀ 7 ਏਕੜ ਜ਼ਮੀਨ ਸੰਤ ਬਾਬਾ ਦਇਆ ਸਿੰਘ ਹੁਰਾਂ ਦੇ ਨਾਂ ਸੀ ਜਿਸ ’ਤੇ ਬਾਬਾ ਗੁਰਬਚਨ ਸਿੰਘ ਵਾਹੀ ਕਰਦੇ ਸਨ ਪਰ ਦੋਵਾਂ ਭਰਾਵਾਂ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਵਿਵਾਦ ਹੋਣ ਤੋਂ ਬਾਅਦ ਪ੍ਰਸ਼ਾਸਨ ਦੇ ਕਹਿਣ ’ਤੇ ਉਨ੍ਹਾਂ ਨੇ ਡੇਢ ਸਾਲ ਤੋਂ ਇਸ ਜ਼ਮੀਨ ਨੂੰ ਖਾਲ੍ਹੀ ਛੱਡਿਆ ਹੋਇਆ ਸੀ। ਬਾਬਾ ਅਵਤਾਰ ਸਿੰਘ ਹੁਰਾਂ ਵੱਲੋਂ ਪਹਿਲਾਂ ਪੱਟੀ ਸਥਿਤ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਲਿਆ ਗਿਆ। ਹੁਣ ਉਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਅਵਤਾਰ ਸਿੰਘ ਹੁਰਾਂ ਦੇ ਵਿਅਕਤੀ ਜ਼ਮੀਨ ਵਾਹ ਰਹੇ ਹਨ ਤਾਂ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਵਾਰ-ਵਾਰ ਕਹਿਣ ’ਤੇ ਦੋ ਸਿਪਾਹੀ ਹੀ ਜ਼ਮੀਨ ’ਤੇ ਭੇਜੇ ਗਏ ਪਰ ਉਹ ਜ਼ਮੀਨ ਵਾਹੁਣ ਤੋਂ ਨਾ ਰੋਕ ਸਕੇ।ਜਦੋਂ ਉਨ੍ਹਾਂ ਦੇ ਸੱਤ ਵਿਅਕਤੀ ਸ਼ਿਮਲੇ ਵਾਲੇ ਖੂਹ ’ਤੇ ਪੁੱਜੇ ਤਾਂ ਵਾਹੀ ਕਰਨ ਵਾਲਿਆਂ ਵੱਲੋਂ ਕਥਿਤ ਤੌਰ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਨਾਲ ਉਨ੍ਹਾਂ ਦੇ ਤਿੰਨ ਸਾਥੀ ਗੁਰਬਚਨ ਸਿੰਘ, ਮਨਕੀਰਤ ਸਿੰਘ ਅਤੇ ਜਸਵਿੰਦਰ ਸਿੰਘ ਜ਼ਖਮੀ ਹੋ ਗਏ ਜਦੋਂਕਿ ਬਾਬਾ ਅਵਤਾਰ ਸਿੰਘ ਹੁਰਾਂ ਨਾਲ ਸਬੰਧਤ ਜ਼ਖਮੀ ਹੋਏ ਵਿਅਕਤੀਆਂ ਦਾ ਕਹਿਣਾ ਹੈ ਕਿ ਬਾਬਾ ਗੁਰਬਚਨ ਸਿੰਘ ਦੇ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ 5 ਸੇਵਾਦਾਰ ਮਨੋਹਰ ਸਿੰਘ, ਅੰਗਰੇਜ਼ ਸਿੰਘ, ਸੁਖਦੇਵ ਸਿੰਘ, ਉਕਾਰ ਸਿੰਘ ਅਤੇ ਗੁਰਜੰਟ ਸਿੰਘ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸੁਰਸਿੰਘ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿਥੋਂ ਗੁਰਜੰਟ ਸਿੰਘ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

 

ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਮੱਲ੍ਹੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਬਾ ਅਵਤਾਰ ਸਿੰਘ ਹੁਰਾਂ ਦੇ ਸੇਵਾਦਾਰ ਜ਼ਮੀਨ ਵਾਹ ਰਹੇ ਸੀ ਜਿਸ ਦੌਰਾਨ ਬਾਬਾ ਗੁਰਬਚਨ ਸਿੰਘ ਦੇ ਸਮਰਥਕਾਂ ਦਰਮਿਆਨ ਗੋਲੀਆਂ ਚੱਲੀਆਂ ਜਿਸ ਨਾਲ 5 ਲੋਕ ਜ਼ਖਮੀ ਹੋਣ ਦੀ ਸੂਚਨਾ ਮਿਲੀ। ਉਨ੍ਹਾਂ ਕਿਹਾ ਕਿ ਬਾਬਾ ਅਵਤਾਰ ਸਿੰਘ ਵੱਲੋਂ ਜ਼ਮੀਨ ਵਾਹੁਣ ਮੌਕੇ ਕੋਈ ਪੁਲਿਸ ਸਹਾਇਤਾ ਦੀ ਮੰਗ ਨਹੀਂ ਕੀਤੀ ਗਈ ਅਤੇ ਨਾ ਹੀ ਘਟਨਾ ਸਮੇਂ ਪੁਲਿਸ ਮੌਕੇ ’ਤੇ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।