ਖੰਨਾ (ਪਰਮਜੀਤ ਸਿੰਘ ਧੀਮਾਨ)- ਸ੍ਰੀ ਹੇਮਕੁੰਟ ਸਾਹਿਬ ਵਿਚ ਸ਼ਰਧਾ ਰੱਖਣ ਵਾਲੇ ਸ਼ਰਧਾਲੂਆਂ ਨੂੰ ਹਮੇਸ਼ਾ ਉਡੀਕ ਰਹਿੰਦੀ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਸੰਗਤਾਂ ਦੇ ਦਰਸ਼ਨਾਂ ਲਈ ਕਦੋਂ ਖੁੱਲ੍ਹੇਗਾ। ਸ੍ਰੀ ਹੇਮਕੁੰਟ ਸਾਹਿਬ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਸਮ ਗ੍ਰੰਥ ਵਿੱਚ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਪਿਛਲੇ ਜਨਮ ਵਿਚ ਸ੍ਰੀ ਹੇਮਕੁੰਟ ਸਾਹਿਬ ਵਿਖੇ ਤਪ ਕੀਤਾ ਸੀ। ਪਹਿਲਾਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਪੰਜ ਜੂਨ ਫਿਰ ਇੱਕ ਜੂਨ ਅਤੇ ਫਿਰ ਪੱਚੀ ਮਈ ਤੋਂ ਸ਼ੁਰੂ ਕੀਤੀ ਜਾਂਦੀ ਸੀ। ਪਿਛਲੇ ਸਮੇਂ ਵਿੱਚ ਇਹ ਯਾਤਰਾ 25 ਮਈ ਤੋਂ ਸ਼ੁਰੂ ਹੋ ਕੇ 10 ਅਕਤੂਬਰ ਤੱਕ ਚੱਲਦੀ ਸੀ। ਪਰ ਕੋਰੋਨਾ ਕਾਰਨ ਜਿੱਥੇ ਹੋਰ ਯਾਤਰਾਵਾਂ ’ਤੇ ਪ੍ਰਭਾਵ ਪਿਆ, ਉੱਥੇ ਹੀ ਇਸ ਯਾਤਰਾ ’ਤੇ ਵੀ ਇਸਦਾ ਪ੍ਰਭਾਵ ਪਿਆ ਸੀ। ਪਿਛਲੇ ਸਾਲ ਵੀ ਇਹ ਯਾਤਰਾ ਕੁੱਝ ਕੁ ਦਿਨਾਂ ਲਈ ਹੀ ਸ਼ੁਰੂ ਹੋਈ ਸੀ। ਕੋਰੋਨਾ ਦੀਆਂ ਸਖ਼ਤ ਪਾਬੰਦੀਆਂ ਕਾਰਨ ਬਹੁਤ ਥੋੜ੍ਹੀ ਸੰਗਤ ਕਿਸੇ ਯਾਤਰਾ ’ਤੇ ਜਾ ਸਕੀ ਸੀ । ਅੱਜ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਵਾਰ 22 ਮਈ ਦਿਨ ਐਤਵਾਰ ਨੂੰ ਸਵੇਰੇ ਸਾਢੇ 10 ਵਜੇ ਸੰਗਤਾਂ ਲਈ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ।