ਰੈਵੇਨਿਊ ਪਟਵਾਰ ਸਹਾਇਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੰਗਾਮੀ ਮੀਟਿੰਗ


(ਮਾਲ ਵਿਭਾਗ ਵਿੱਚ 15 ਸਾਲਾਂ ਤੋਂ ਕੰਮ ਕਰਦੇ ਕਾਮਿਆਂ ਨੂੰ ਰੇਗੂਲਰ ਕੀਤਾ ਜਾਵੇ-ਹਰਪਿੰਦਰ ਲਾਲੀ )
ਸੁਲਤਾਨਪੁਰ ਲੋਧੀ,2 ਮਾਰਚ (ਨਿਰਮਲ ਸਿੰਘ ) ਮਾਲ ਵਿਭਾਗ ਵਿੱਚ ਪਿਛਲੇ 15-20 ਸਾਲਾਂ ਤੋਂ ‌ਪਟਵਾਰੀਆਂ ਨਾਲ਼ ਸਹਾਇਕ ਵਜੋਂ ਕੰਮ ਕਰ ਰਹੇ  ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੈਵੇਨਿਊ ਪਟਵਾਰ ਸਹਾਇਕ ਯੂਨੀਅਨ ਪੰਜਾਬ ਦੇ ਪ੍ਰਧਾਨ ਨਿਰਮਲ ਸਿੰਘ  ਦੀ ਅਗਵਾਈ ਹੇਠ ਹੰਗਾਮੀ ਮੀਟਿੰਗ ਮੋਗਾ ਵਿਖੇ ਕੀਤੀ ਗਈ। ਜਿਸ ਵਿੱਚ ਸੂਬੇ ਭਰ ਤੋਂ 100 ਦੇ ਕਰੀਬ ਯੂਨੀਅਨ ਆਗੂਆਂ ਨੇ ਹਿੱਸਾ ਲੈਂਦੇ ਹੋਏ ਆਪਣੀਆਂ ਸੇਵਾਵਾਂ ਨੂੰ ਰੇਗੂਲਰ ਕਰਵਾਉਣ ਲਈ ਸਰਕਾਰ ਤੋਂ ਮੰਗ ਕੀਤੀ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਪਟਵਾਰ ਸਹਾਇਕ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਹਰਪਿੰਦਰ ਸਿੰਘ ਲਾਲੀ  ਨੇ ਦੱਸਿਆ ਕਿ ਸੂਬੇ ਭਰ ਵਿੱਚ 4000 ਦੇ ਕਰੀਬ ਕਾਮੇ ਪਟਵਾਰੀਆਂ ਨਾਲ਼ ਸਹਾਇਕ ਵਜੋਂ ਕੰਮ ਕਰਕੇ ਆਪਣਾ ਪਰਿਵਾਰ ਪਾਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਪਟਵਾਰੀਆਂ ਦੀਆਂ 2800 ਆਸਾਮੀਆਂ ਖਾਲੀ ਪਈਆਂ ਹਨ। ਇੱਕ ਪਟਵਾਰੀ ਕੋਲ਼ ਪੰਜ-ਪੰਜ ਪਿੰਡਾਂ ਦਾ ਕੰਮ ਹੈ। ਲੋਕਾਂ ਦੇ ਜ਼ਮੀਨਾਂ ਨਾਲ਼ ਸੰਬੰਧਿਤ ਅਤੇ ਹੋਰ ਕੰਮਾਂ ਨੂੰ ਸਮੇਂ ਸਿਰ ਨਿਪਟਾਉਣ ਲਈ ਪਟਵਾਰੀਆਂ ਨਾਲ਼ ਲੱਗੇ ਸਹਾਇਕਾਂ ਨੇ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਹਾਇਕ ਮਾਲ ਵਿਭਾਗ ਦਾ ਸਾਰਾ ਕੰਮ ਜਾਣਦੇ ਹਨ ਅਤੇ ਇਨ੍ਹਾਂ ਦੇ ਲੰਮੇ ਤਜਰਬੇ ਨੂੰ ਦੇਖਦਿਆਂ ਪਟਵਾਰ ਮੈਨੂਅਲ ਦੇ ਪੈਰੇ 3.13 ਅਨੁਸਾਰ ਇੰਨ੍ਹਾਂ ਨੂੰ ਨਾਇਬ ਪਟਵਾਰੀ ਦੇ ਤੌਰ ਤੇ ਰੇਗੂਲਰ ਕੀਤਾ ਜਾਵੇ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜ਼ਲਦ ਹੀ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ।ਇਸ ਮੌਕੇ ਵਿਜੇ ਕੁਮਾਰ, ਸੰਦੀਪ ਸਿੰਘ, ਇੰਦਰਜੀਤ ਸਿੰਘ, ਜੋਗਾ ਸਿੰਘ,ਕੰਵਰਸਾਮ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।