ਸਰਕਾਰੀ ਮਿਡਲ ਸਮਾਰਟ ਸਕੂਲ ਰਾਮਗੜ੍ਹ ਵਿਖੇ ਉਦਘਾਟਨ ਸਮਾਰੋਹ ਦਾ ਆਯੋਜਨ

 ਖੰਨਾ,  (ਪਰਮਜੀਤ ਸਿੰਘ ਧੀਮਾਨ) - ਸਰਕਾਰੀ ਮਿਡਲ ਸਮਾਰਟ ਸਕੂਲ ਰਾਮਗੜ੍ਹ (ਨਵਾਂ ਪਿੰਡ) ਵਿਖੇ ਸਕੂਲ ਮੁਖੀ, ਨੈਸ਼ਨਲ ਅਵਾਰਡੀ ਬਲਰਾਮ ਸ਼ਰਮਾ ਦੀ ਅਗਵਾਈ ਵਿਚ ਉਦਘਾਟਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਤ ਬਾਬਾ ਕਰਨੈਲ ਸਿੰਘ ਤੇ ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪਿੰਡ ਦੀ ਸਰਪੰਚ ਬੀਬੀ ਕੁਲਬੀਰ ਕੌਰ ਨੇ ਕੀਤੀ। ਇਸ ਮੌਕੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਵੱਲੋਂ 250000/- ਦੀ ਗਰਾਂਟ ਨਾਲ ਚਾਰ ਪ੍ਰੋਜੈਕਟਰ ਲਗਾ ਕੇ ਕਲਾਸ ਰੂਮਜ਼ ਨੂੰ ਸਮਾਰਟ ਬਣਾਉਣ ਦਾ ਉਦਘਾਟਨ ਕੀਤਾ।
          ਇਸ ਮੌਕੇ ਰਾਜ ਸਭਾ ਮੈਂਬਰ ਦੂਲੋਂ ਨੇ ਅਧਿਆਪਕਾਂ ਵਿਦਿਆਰਥੀਆਂ ਅਤੇ ਮਾਪਿਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ, ਸਮਾਜਸੇਵੀ ਸੰਸਥਾਵਾਂ ਤੇ ਗ੍ਰਾਮ ਪੰਚਾਇਤਾਂ ਨੂੰ ਸਿੱਖਿਆ ਸੰਸਥਾਵਾਂ ਦੀ ਬੇਹਤਰੀ ਲਈ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਰਾਮਗੜ੍ਹ ਦਾ ਮਿਡਲ ਸਕੂਲ ਸ਼ਬਦਾਂ ਵਿੱਚ ਹੀ ਨਹੀਂ ਅਸਲ ਵਿੱਚ ਸਮਾਰਟ ਸਕੂਲ ਹੈ, ਇਸ ਦਾ ਸਿਹਰਾ ਇੱਥੋਂ ਦੇ ਬਹੁਤ ਹੀ ਮਿਹਨਤੀ ਮੁੱਖ ਅਧਿਆਪਕ, ਨੈਸ਼ਨਲ ਅਵਾਰਡੀ ਬਲਰਾਮ ਸ਼ਰਮਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ। ਇਸ ਮੌਕੇ ਸਾਇੰਸ ਵਿਸ਼ੇ ਦੇ ਅੰਤਰਰਾਸ਼ਟਰੀ ਪ੍ਰੋਜੈਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਸਦਕਾ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
          ਸਮਾਗਮ ਵਿਚ ਸਕੂਲ ਦੀ ਵਿਦਿਆਰਥਣ ਰਮਨਦੀਪ ਕੌਰ ਵੱਲੋਂ ਸਕੂਲ ਦੀ ਕਾਰਗੁਜ਼ਾਰੀ ਰਿਪੋਰਟ ਪੜ੍ਹੀ ਗਈ। ਇਸ ਮੌਕੇ ਸੰਤ ਬਾਬਾ ਕਰਨੈਲ ਸਿੰਘ, ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ, ਪੋਫੈਸਰ ਅਜਮੇਰ ਸਿੰਘ ਮਾਨ, ਡਾ. ਸ਼ਿਵ ਸ਼ਰਨ ਨੇ ਵੀ ਸੰਬੋਧਨ ਦੌਰਾਨ ਸਕੂਲ ਦੇ ਸਰਬਪੱਖੀ ਵਿਕਾਸ ਲਈ ਸਕੂਲ ਮੁਖੀ ਬਲਰਾਮ ਸ਼ਰਮਾ ਅਤੇ ਸਟਾਫ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ। ਸਮਾਗਮ ਵਿਚ ਬੀ. ਐਮ. ਰਾਕੇਸ਼ ਕੁਮਾਰ, ਮਨਪ੍ਰੀਤ ਸਿੰਘ, ਕਪਿਲ ਦੇਵ ਸੋਨੀ, ਰਾਜਨ ਕੈਂਥ, ਬਲਰਾਮ ਸ਼ਰਮਾ ਕੰਪਿਊਟਰ ਟੀਚਰ, ਮੈਡਮ ਹਰਪ੍ਰੀਤ ਕੌਰ, ਬੀਬੀ ਅਜਮੇਰ ਕੌਰ (ਚੇਅਰਮੈਨ ਐਸ.ਐਮ. ਸੀ.), ਗਿਆਨੀ ਪ੍ਰੀਤਮ ਸਿੰਘ (ਚੇਅਰਮੈਨ ਸਕੂਲ ਵਿਕਾਸ ਕਮੇਟੀ), ਪਿ੍ਰੰਸੀਪਲ ਆਦਰਸ਼ ਕੁਮਾਰ, ਇੰਜ. ਨਗਿੰਦਰ ਸਿੰਘ ਸੇਵਾ ਮੁਕਤ ਜੇ. ਈ., ਬਲਵਿੰਦਰ ਸਿੰਘ ਰਾਮਗੜ੍ਹ, ਮਨਿੰਦਰ ਸਿੰਘ ਮੋਨੂੰ ਆਦਿ ਹਾਜ਼ਰ ਸਨ।