ਰਾਜ ਸਭਾ: ਚੰਡੀਗੜ੍ਹ ਬਾਰੇ ਮਤੇ ’ਤੇ ਚਰਚਾ ਕਰਵਾਉਣ ਤੋਂ ਨਾਂਹ

ਨਵੀਂ ਦਿੱਲੀ :ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕੱਈਆ ਨਾਇਡੂ ਨੇ ਚੰਡੀਗੜ੍ਹ ’ਤੇ ਦਾਅਵੇਦਾਰੀ ਨੂੰ ਲੈ ਕੇ ਪੰਜਾਬ ਅਸੈਂਬਲੀ ਵਿੱਚ ਪਾਸ ਮਤੇ ’ਤੇ ਅੱਜ ਸਦਨ ਵਿੱਚ ਚਰਚਾ ਕਰਵਾਉਣ ਤੋਂ ਨਾਂਹ ਕਰ ਦਿੱੱਤੀ। ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਨੋਟਿਸ ਦੇ ਕੇ ਸਿਫ਼ਰ ਕਾਲ ਦੌਰਾਨ ਇਸ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ ਸੀ।ਨਾਇਡੂ ਨੇ ਕਿਹਾ, ‘‘ਮੈਨੂੰ ਦੀਪੇਂਦਰ ਸਿੰਘ ਹੁੱਡਾ ਵੱਲੋਂ ਨੋਟਿਸ ਪ੍ਰਾਪਤ ਹੋਇਆ ਹੈ, ਜਿਸ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਪੰਜਾਬ ਨੂੰ ਦੇਣ ਸਬੰਧੀ (ਪੰਜਾਬ) ਅਸੈਂਬਲੀ ਵਿੱਚ ਪਾਸ ਮਤੇ ’ਤੇ ਵਿਚਾਰ ਚਰਚਾ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਮੰਗ ਨੂੰ ਅਸਵੀਕਾਰ ਕੀਤਾ ਜਾਂਦਾ ਹੈ।’’ ਨਾਇਡੂ ਨੇ ਡੀਐੱਮਕੇ ਮੈਂਬਰ ਤਿਰੁਚੀ ਸ਼ਿਵਾ ਤੇ ਕਾਂਗਰਸ ਪਾਰਟੀ ਦੇ ਕੇ.ਸੀ.ਵੇਣੁੂਗੋਪਾਲ ਵੱਲੋਂ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਕੀਮਤਾਂ ਵਿੱਚ ਵਾਧੇ ਦੇ ਮੁੱਦੇ ’ਤੇ ਚਰਚਾ ਲਈ ਦਿੱਤੇ ਨੋਟਿਸ ਨੂੰ ਵੀ ਰੱਦ ਕਰ ਦਿੱਤਾ। ਚੇਅਰਮੈਨ ਨੇ ਕਿਹਾ ਕਿ ਨਮਿੱਤਣ ਬਿੱਲ ’ਤੇ ਚਰਚਾ ਦੌਰਾਨ ਪਹਿਲਾਂ ਹੀ ਇਸ ਮੁੱਦੇ ’ਤੇ ਵਿਚਾਰ ਚਰਚਾ ਕੀਤੀ ਜਾ ਚੁੱਕੀ ਹੈ। ਨਾਇਡੂ ਨੇ ਕਿਹਾ, ‘‘ਤੁਹਾਡੇ ਕੋਲ ਮੌਕਾ ਸੀ...267 ਢੁੱਕਵਾਂ ਨੇਮ ਨਹੀਂ ਹੈ। ਲਿਹਾਜ਼ਾ ਇਨ੍ਹਾਂ ਨੋਟਿਸਾਂ ਨੂੰ ਸਵੀਕਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਦੌਰਾਨ ਅਸਮਾਨੀ ਪੁੱਜੀ ਮਹਿੰਗਾਈ ਤੇ ਵਧੀਆਂ ਤੇਲ ਕੀਮਤਾਂ ਦੇ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਗਿਆ। ਰੌਲੇ-ਰੱਪੇ ਕਰਕੇ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਿਆ ਅਤੇ ਸਿਫਰ ਕਾਲ ਤੇ ਪ੍ਰਸ਼ਨ ਕਾਲ ਦੌਰਾਨ ਕੋਈ ਕੰਮਕਾਜ ਨਹੀਂ ਹੋ ਸਕਿਆ। ਰੌਲੇ-ਰੱਪੇ ਕਰਕੇ ਉਪਰਲੇ ਸਦਨ ਦੀ ਕਾਰਵਾਈ ਨੂੰ ਦੋ ਵਾਰ ਮੁਲਤਵੀ ਕਰਨਾ ਪਿਆ। ਵਿਰੋਧੀ ਧਿਰਾਂ ਵਧਦੀਆਂ ਤੇਲ ਕੀਮਤਾਂ ਦੇ ਮੁੱਦੇ ’ਤੇ ਨਿਯਮ 267 ਤਹਿਤ ਚਰਚਾ ਕਰਵਾਉਣ ਦੀ ਆਪਣੀ ਮੰਗ ’ਤੇ ਅੜੀਆਂ ਰਹੀਆਂ। ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੁਝ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਰੌਲੇ-ਰੱਪੇ ਕਾਰਨ ਉਨ੍ਹਾਂ ਦੀ ਆਵਾਜ਼ ਦੱਬ ਕੇ ਰਹਿ ਗਈ। ਇਸ ਤੋਂ ਪਹਿਲਾਂ ਛੇ ਨਵੇਂ ਰਾਜ ਸਭਾ ਮੈਂਬਰਾਂ, ਜਿਨ੍ਹਾਂ ਵਿਚੋਂ ਦੋ ਭਾਜਪਾ ਤੇ ਇਕ ਕਾਂਗਰਸ ਦਾ ਹੈ, ਨੇ ਹਲਫ਼ ਲਿਆ।