ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦਾ ਸਸਕਾਰ

ਗੜ੍ਹਸ਼ੰਕਰ : ਬਸਪਾ ਦੇ ਗੜ੍ਹਸ਼ੰਕਰ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ ਸ਼ਿੰਗਾਰਾ ਰਾਮ ਸਹੂੰਗੜਾ ਦਾ ਸੋਮਵਾਰ ਨੂੰ ਗੜ੍ਹਸ਼ੰਕਰ ਵਿਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਬਸਪਾ ਵਰਕਰਾਂ ਸਣੇ ਵੱਖ-ਵੱਖ ਸਿਆਸੀ ਆਗੂ ਸ਼ਾਮਲ ਹੋਏ। ਦੱਸਣਯੋਗ ਹੈ ਕਿ ਸ਼ਿੰਗਾਰਾ ਰਾਮ ਸਹੂੰਗੜਾ ਦਾ ਸ਼ਨਿਚਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਜਲੰਧਰ ਵਿਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪਾਰਟੀ ਵੱਲੋਂ ਨੀਲਾ ਝੰਡਾ ਪਾਇਆ। ਉਨ੍ਹਾਂ ਦੇ ਪੁੱਤਰ ਵੱਲੋਂ ਚਿਖਾ ਨੂੰ ਅਗਨੀ ਦਿੱਤੀ ਗਈ। ਇਸ ਮੌਕੇ ਸ੍ਰੀ ਗੜ੍ਹੀ ਨੇ ਕਿਹਾ ਕਿ ਸ਼ਿੰਗਾਰਾ ਰਾਮ ਸਹੂੰਗੜਾ ਨਿਧੜਕ ਆਗੂ ਸਨ। ਪੁਲੀਸ ਵੱਲੋਂ ਸਹੂੰਗੜਾ ਨੂੰ ਸਲਾਮੀ ਦਿੱਤੀ ਗਈ।