ਕਿਸਾਨ ਮੋਰਚੇ ਦੀ ਇਤਿਹਾਸਿਕ ਜਿੱਤ; ਬੀਬੀਆਂ, ਬਾਬਿਆਂ, ਨੌਜਵਾਨਾਂ ਅਤੇ ਬੱਚਿਆਂ ਨੇ ਰਲ ਕੇ ਮਨਾਇਆ ਜਸ਼ਨ

ਭਵਾਨੀਗੜ੍ਹ, ਚੰਡੀਗੜ੍ਹ  :ਖੇਤੀ ਕਾਨੂੰਨਾਂ ਦਾ ਸੰਘਰਸ਼ ਜਿੱਤ ਕੇ ਦਿੱਲੀਓਂ ਪਰਤ ਰਹੇ ਕਿਸਾਨ ਕਾਫਲਿਆਂ ਦਾ ਅੱਜ ਖਨੌਰੀ ਅਤੇ ਡੱਬਵਾਲੀ ਵਿਖੇ ਸਵਾਗਤ ਫੁੱਲਾਂ ਦੀ ਵਰਖਾ ਅਤੇ ਲੋਕਪੱਖੀ ਗੀਤ-ਸੰਗੀਤ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਭਾਕਿਯੂ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸਕੱਤਰ ਸ਼ਿੰਗਾਰਾ ਸਿੰਘ ਮਾਨ, ਸਕੱਤਰ ਹਰਿੰਦਰ ਕੌਰ ਬਿੰਦੂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸੇਵੇਵਾਲਾ ਸਮੇਤ ਵੱਡੀ ਗਿਣਤੀ ਮਰਦ-ਔਰਤ ਕਿਸਾਨ-ਮਜ਼ਦੂਰਾਂ ਨੇ ਦਾਤਾ ਸਿੰਘ ਵਾਲਾ ਨਰਵਾਣਾ ਰੋਡ ਅਤੇ ਡੱਬਵਾਲੀ ਸਿਰਸਾ ਰੋਡ ’ਤੇ ਸਵਾਗਤੀ ਸਮਾਗਮ ’ਚ ਭੰਗੜੇ-ਗਿੱਧੇ ਪਾਏ।

ਟਰੈਕਟਰ ਟਰਾਲੀਆਂ ’ਤੇ ਭੰਗੜੇ ਪਾਉਂਦੇ ਸਾਮਾਨ ਅਤੇ ਬਿਹਤਰੀਨ ਕਿਸਮ ਦੀਆਂ ਝੌਪੜੀਆਂ ਨੂੰ ਯਾਦਗਾਰਾਂ ਵਜੋਂ ਸੰਭਾਲ ਕੇ ਘਰਾਂ ਨੂੰ ਪਰਤਦੇ ਕਿਸਾਨਾਂ ਦੇ ਚਿਹਰਿਆਂ ਤੋਂ ਦਿੱਲੀ ਜਿੱਤਣ ਦੀ ਖੁਸ਼ੀ ਬਾਖੂਬੀ ਝਲਕ ਰਹੀ ਸੀ। ਕਿਸਾਨ ਕਾਫ਼ਲਿਆਂ ਲਈ ਚਾਹ, ਜਲੇਬੀਆਂ ਅਤੇ ਪਕੌੜਿਆਂ ਦੇ ਵਿਸ਼ਾਲ ਲੰਗਰ ਦਾ ਇੰਤਜ਼ਾਮ ਸੀ।

ਇਸ ਮੌਕੇ ਤੇ ਪੇਂਡੂ ਇਕਾਈਆਂ ਨੇ ਆਗੂਆਂ ਦਾ ਹਾਰ ਪਾ ਕੇ ਸਵਾਗਤ ਕੀਤਾ। ਬਹੁਤ ਸਾਰੇ ਬੱਚੇ ਵੀ ਆਪਣੇ ਦਾਦੇ ਦਾਦੀਆਂ, ਮਾਵਾਂ ਬਾਪੂਆਂ ਅਤੇ ਭਰਾਵਾਂ ਭਰਜਾਈਆਂ ਦੇ ਸਵਾਗਤ ਲਈ ਪੁੱਜੇ ਹੋਏ ਸਨ। ਕਿਸਾਨ ਆਗੂਆਂ ਵੱਲੋਂ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ ਦੀ ਇਤਿਹਾਸਕ ਜਿੱਤ ਨਾਲ ਕਿਸਾਨਾਂ ਮਜ਼ਦੂਰਾਂ ਦੀਆਂ ਹੋਰ ਵੀ ਅਹਿਮ ਬੁਨਿਆਦੀ ਮੰਗਾਂ ਮੰਨਵਾਉਣ ਲਈ ਵਿਸ਼ਾਲ ਏਕਤਾ ਅਤੇ ਅਣਲਿਫ ਸਿਰੜੀ ਸੰਘਰਸ਼ ਵਾਲੇ ਇਸ ਪਰਖੇ ਪਰਤਿਆਏ ਰਾਹ ‘ਤੇ ਲਗਾਤਾਰ ਅੱਗੇ ਵਧਦੇ ਰਹਿਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਭਰਾਤਰੀ ਜਥੇਬੰਦਆਂ ਦੇ ਆਗੂਆਂ ਤੋਂ ਇਲਾਵਾ ਕਹਾਣੀਕਾਰ ਅਤਰਜੀਤ ਅਤੇ ਵਕੀਲ ਐੱਨ ਕੇ ਜੀਤ ਵੀ ਮੌਜੂਦ ਸਨ।