ਹਰ ਵਿਅਕਤੀ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ :

ਗੁਰਜੰਟ ਸਿੰਘ ਬਾਜੇਵਾਲੀਆ/    ਸਿਹਤ ਵਿਭਾਗ ਮਾਨਸਾ ਵੱਲੋਂ ਸਥਾਨਕ ਜੱਚਾ-ਬੱਚਾ ਹਸਪਤਾਲ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਉਨਾਂ ਕਿਹਾ ਕਿ ਜੇਕਰ ਸਾਡੀ ਸਿਹਤ ਹੀ ਚੰਗੀ ਨਹੀਂ ਤਾਂ ਅਸੀਂ ਕੋਈ ਵੀ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਸਕਦੇ ਇਸ ਲਈ ਸਾਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਲੋੜ ਹੈ। ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਵਿਜੈ ਕੁਮਾਰ ਨੇ ਕਿਹਾ ਕਿ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਸਾਨੂੰ ਆਪਣੇ ਖਾਣ-ਪੀਣ ਨੂੰ ਸੁਧਾਰਨਾ ਚਾਹੀਦਾ ਹੈ, ਜਿਸ ਵਿੱਚ ਸਭ ਤੋਂ ਪਹਿਲਾਂ ਪੀਣ ਵਾਲਾ ਪਾਣੀ ਹੈ। ਉਨਾਂ ਕਿਹਾ ਕਿ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ, ਤਾਂ ਜੋ ਅਸੀਂ ਬਿਮਾਰੀਆਂ ਤੋਂ ਸੁਰੱਖਿਅਤ ਰਹਿ ਸਕੀਏ। 
    ਜ਼ਿਲਾ ਐਪੀਡੀਮਾਲੋਜਿਸਟ ਡਾ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਨੈਸ਼ਨਲ ਪ੍ਰੋਗਰਾਮ ਆਫ਼ ਕਲਾਈਮੇਟ ਚੇਂਜ ਐਂਡ ਹਿਊਮਨ ਹੈਲਥ ਦੇ ਅਧੀਨ ਹੀਟ ਵੇਵ (ਗਰਮ ਲੂ) ਤਹਿਤ ਗਰਮ ਲੂ ਤੋਂ ਬਚਣ ਲਈ ਸਾਨੂੰ ਵੱਧ ਤੋਂ ਵੱਧ ਪਾਣੀ, ਲੱਸੀ ਅਤੇ ਤਰਲ ਪਦਾਰਥਾਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਸਾਨੂੰ ਧੁੱਪ ਵਿੱਚ ਜਾਣ ਤੋਂ (ਖ਼ਾਸ ਕਰਕੇ 12 ਤੋਂ 03 ਵਜੇ ਤੱਕ) ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਧੁੱਪ ਵਿੱਚ ਜਾਣ ਵੇਲੇ ਛੱਤਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਸਾਨੂੰ ਬੁਜ਼ਰਗਾਂ ਅਤੇ ਬੱਚਿਆਂ ਦੀ ਸਿਹਤ ਦਾ ਗਰਮ ਲੂ ਤੋਂ ਖਾਸ ਧਿਆਨ ਰੱਖਣਾ ਚਾਹੀਦਾ ਹੈ। 
    ਸੰਤੋਸ਼ ਭਾਰਤੀ ਐਪੀਡੀਮਾਲੋਜਿਸਟ ਆਈ.ਡੀ.ਐਸ.ਪੀ ਨੇ ਮਲੇਰੀਆ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮੱਛਰਾਂ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਿਆ ਜਾਵੇ ਅਤੇ ਰਾਤ ਨੂੰ ਸੌਣ ਵੇਲੇ ਪੂਰੀ ਬਾਂਹ ਵਾਲੇ ਕਪੜੇ ਪਾਣੇ ਚਾਹੀਦੇ ਹਨ, ਤਾਂ ਜ਼ੋ ਮਲੇਰੀਆ ਤੋਂ ਬਚਿਆ ਜਾ ਸਕੇ। ਕੇਵਲ ਸਿੰਘ ਏ.ਐਮ.ਓ ਨੇ ਸਿਹਤ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਚੰਗੀ ਸਿਹਤ ਲਈ ਕਸਰਤ ਦਾ ਅਹਿਮ ਰੋਲ ਹੈ ਅਤੇ ਸਾਨੂੰ ਆਪਣੇ ਰੋਜ਼ਮਰਾ ਦੇ ਕੰਮਾਂ ਨੂੰ ਪੈਦਲ ਅਤੇ ਆਪਣੇ ਹੱਥੀ ਕਰਨੇ ਚਾਹੀਦੇ ਹਨ। ਉਨਾਂ ਸਾਡਾ ਸਰੀਰ ਇਕ ਮਸ਼ੀਨ ਦੀ ਤਰਾਂ ਹੈ, ਜੇਕਰ ਮਸ਼ੀਨ ਨੂੰ ਨਹੀਂ ਚਲਾਵਾਗੇ ਤਾਂ ਉਹ ਜਾਮ ਹੋ ਜਾਵੇਗੀ।  ਇਸ ਮੌਕੇ ਗਰਮ ਲੂ ਤੋਂ ਬਚਣ ਸਬੰਧੀ ਪੈਫ਼ਲਿਟ ਵੀ ਵੰਡੇ ਗਏ।
    ਇਸ ਮੌਕੇ ਡਾ. ਹਰਚੰਦ ਸਿੰਘ ਐਸ.ਐਮ.ਓ ਮਾਨਸਾ, ਡਾ. ਰਸ਼ਮੀ ਗਾਇਨਾਕੋਲੋਜਿਸਟ, ਡਾ. ਪ੍ਰਵਰਿਸ, ਡਾ. ਸੁਬੋਧ ਗੁਪਤਾ, ਡਾ. ਵਿਕਰਮ ਕਟੌਦੀਆ (ਤਿੰਨੋਂ ਬੱਚਿਆਂ ਦੇ ਮਾਹਿਰ), ਵਿਜੈ ਕੁਮਾਰ ਜਿਲਾ ਮਾਸ ਮੀਡੀਆ ਅਫ਼ਸਰ ਮਾਨਸਾ, ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਰਾਜਵੀਰ ਕੌਰ ਜ਼ਿਲਾ ਬੀ.ਸੀ.ਸੀ ਕੋਆਰਡੀਨੇਟਰ, ਗੁਰਵਿੰਦਰ ਕੌਰ ਨਰਸਿੰਗ ਸਿਸਟਰ, ਸ਼ੁਸ਼ਮਾ ਰਾਣੀ ਏ.ਐਨ.ਐਮ ਅਤੇ ਮਲਕੀਤ ਕੌਰ ਏ.ਐਨ.ਐਮ ਹਾਜ਼ਰ ਸਨ।