ਸੁਰੱਖਿਆ ਪੱਖੋਂ ਅਹਿਮ ਦਫ਼ਤਰਾਂ ਨੂੰ ਛੱਡ ਕੇ ਬਾਕੀ ਸਾਰੇ ਦਫ਼ਤਰਾਂ ਵਿੱਚ ਮੋਬਾਈਲ ਫੋਨ ਲਿਜਾਣ ਦੀ ਆਗਿਆ ਦਿੱਤੀ

ਚੰਡੀਗੜ੍ਹ, 8 ਅਪ੍ਰੈਲ:

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਪੰਜਾਬ ਸਰਕਾਰ ਵੱਲੋਂ ਦਫ਼ਤਰਾਂ ਵਿੱਚ ਦੂਰ-ਦੁਰਾਡੇ ਤੋਂ ਕੰਮ-ਕਾਜ ਲਈ ਆਉਣ ਵਾਲੇ ਆਮ ਲੋਕਾਂ ਦੀ ਸਹੂਲਤ ਵਾਸਤੇ ਸਾਰੇ ਪ੍ਰਸ਼ਾਸਨਿਕ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਅਧਿਕਾਰੀਆਂ/ ਕਰਮਚਾਰੀਆਂ ਦਾ ਦਫ਼ਤਰੀ ਸਮੇਂ ਦਾ ਪਾਬੰਦ ਰਹਿਣਾ ਯਕੀਨੀ ਬਣਾਉਣ ਲਈ ਵਿਸਤਿ੍ਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

          ਇਸੇ ਤਰ੍ਹਾਂ, ਪਬਲਿਕ ਡੀਲਿੰਗ ਵਾਲੇ ਦਫ਼ਤਰਾਂ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨਾਲ ਚੰਗਾ ਵਤੀਰਾ ਕਰਨ ਅਤੇ ਠੀਕ ਢੰਗ ਨਾਲ ਮਾਰਗਦਰਸ਼ਨ ਕਰਨ ਤੋਂ ਇਲਾਵਾ ਆਮ ਜਨਤਾ ਨੂੰ ਮਿਲਣ ਲਈ ਸਮਾਂ ਨਿਰਧਾਰਤ ਕਰਨ ਲਈ ਕਿਹਾ ਗਿਆ ਹੈ।

             ਇਹ ਵੀ ਧਿਆਨ ਵਿੱਚ ਆਇਆ ਹੈ ਕਿ ਕੁਝ ਦਫ਼ਤਰਾਂ ਵਿੱਚ ਆਮ ਲੋਕਾਂ ਦੇ ਮੋਬਾਈਲ ਫੋਨ ਲਿਜਾਣ ਉਤੇ ਮੁਕੰਮਲ ਪਾਬੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਮੱਦੇਨਜ਼ਰ ਹੁਣ ਮੋਬਾਈਲ ਫੋਨ ਲਿਆਉਣ ’ਤੇ ਪਾਬੰਦੀ ਨਹੀਂ ਹੋਵੇਗੀ ਬਲਕਿ ਉਨ੍ਹਾਂ ਦਫ਼ਤਰਾਂ ’ਚ ਹੀ ਮੋਬਾਈਲ ਫੋਨ ਲਿਜਾਣ ਉਤੇ ਅੰਸ਼ਿਕ ਪਾਬੰਦੀ ਹੋਵੇਗੀ, ਜਿਥੇ ਸੁਰੱਖਿਆ ਕਾਰਨਾਂ ਕਰਕੇ ਅਜਿਹਾ ਕਰਨਾ ਲਾਜ਼ਮੀ ਹੋਵੇ।