ਗੈਸ ਪਾਈਪ-ਲਾਈਨ ਫੱਟਣ ਕਾਰਨ ਹੋਇਆ ਧਮਾਕਾ, 4 ਲੋਕਾਂ ਦੀ ਦਰਦਨਾਕ ਮੌਤ, 5 ਲੋਕ ਲਾਪਤਾ

ਮਿਲਾਨ : ਇਟਲੀ ਦੇ ਸੂਬਾ ਸੀਚੀਲੀਆ ਦੇ ਦੱਖਣ-ਪੱਛਮੀ ਐਗਰੀਜੈਂਤੋ ਇਲਾਕੇ ਦੇ ਸ਼ਹਿਰ ਰਾਵਾਨੂਜਾ ਵਿਖੇ ਬੀਤੀ ਰਾਤ ਗੈਸ ਪਾਈਪ ਲਾਈਨ ਦੇ ਫੱਟਣ ਕਾਰਨ ਹੋਏ ਧਮਾਕੇ ਵਿੱਚ 4 ਮੰਜਿ਼ਲਾ ਇਮਾਰਤਾਂ ਦੇ ਢਹਿ-ਢੇਰੀ ਹੋ ਜਾਣ ਕਾਰਨ 4 ਲੋਕਾਂ ਦੀ ਮੌਤ ਤੇ 5 ਤੋਂ ਉਪੱਰ ਲੋਕਾਂ ਦੇ ਲਾਪਤਾ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ 11 ਦਸੰਬਰ ਦੀ ਰਾਤ ਨੂੰ ਰਾਵਾਨੂਜਾ ਦੇ ਰਿਹਾਈਸੀ ਇਲਾਕੇ ਵਿੱਚ ਹੋਏ ਗੈਸ ਪਾਈਪ ਲਾਈਨ ਫੱਟਣ ਕਾਰਨ ਹੋਏ ਧਮਾਕੇ ਕਾਰਨ ਕਰੀਬ 1 ਦਰਜਨ ਇਮਾਰਤਾਂ ਨੁਕਸਾਨੀਆਂ ਗਈਆਂ ਹਨ।ਇਸ ਧਮਾਕੇ ਕਾਰਨ ਇੱਕ 4 ਮੰਜਿ਼ਲੀ ਇਮਾਰਤਾਂ ਤਾਂ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਈਆਂ ਤੇ ਕਈ ਹੋਰ ਇਮਾਰਤ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਅੱਗ ਬੁਝਾਊ ਵਿਭਾਗ,ਸੁੱਰਖਿਆ ਵਿਭਾਗ ਤੇ ਪੁਲਸ ਪ੍ਰਸ਼ਾਸ਼ਨ ਵਿਭਾਗ ਦੇ ਕਰਮਚਾਰੀ ਤੁਰੰਤ ਰਾਹਤ ਕਾਰਜਾਂ ਵਿੱਚ ਜੁੱਟ ਗਏ ਤੇ ਇਮਾਰਤ ਦੇ ਮਲਬੇ ਹੇਠੋਂ ਕਈ ਜ਼ਖ਼ਮੀਆਂ ਨੂੰ ਕੱਢਣ ਵਿੱਚ ਕਾਮਯਾਬ ਰਹੇ ਪਰ ਅਫਸੋਸ਼ ਇਸ ਘਟਨਾ ਵਿੱਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਿਸ 'ਚ ਦੋ ਔਰਤਾਂ ਵੀ ਸ਼ਾਮਿਲ ਹਨ, ਜਦੋਂ ਕਿ 5 ਤੋਂ ਜ਼ਿਆਦਾ ਲੋਕ ਜਿਹੜੇ ਇਸ ਇਮਾਰਤ 'ਚ ਰਹਿੰਦੇ ਸਨ ਉਹ ਲਾਪਤਾ ਹਨ।