ਵਿੱਕੀ ਮਿੱਡੂਖੇੜਾ ਕਤਲ: ਇਨਸਾਫ਼ ਲਈ ‘ਜਸਟਿਸ ਫ਼ਾਰ ਮਿਡੂਖੇੜਾ’ ਤਹਿਤ ਕੀਤਾ ਰੋਸ ਮਾਰਚ

ਮੋਹਾਲੀ: ਵਿੱਕੀ ਮਿਡੂਖੇੜਾ ਕਤਲ (Vicky Midukhera Murder) ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਮੋਹਾਲੀ (Mohali) ਦੇ ਫੇਜ਼ 3ਬੀ2 ਮਾਰਕਿਟ ਵਿੱਚ ‘ਇਨਸਾਫ ਮਾਰਚ’ ਕੱਢਿਆ ਗਿਆ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ, ਸਿਵਲ ਸੁਸਾਇਟੀਆਂ ਦੇ ਮੈਂਬਰ, ਵੱਖ-ਵੱਖ ਸੰਸਥਾਵਾਂ, ਸੇਵਾਮੁਕਤ ਨੌਕਰਸ਼ਾਹ ਅਤੇ ਹੋਰ ਲੋਕ ਮਾਰਚ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੇ ਤਖ਼ਤੀਆਂ ਅਤੇ ਬੈਨਰ ਫੜੇ ਹੋਏ ਸਨ, ਜਿਨ੍ਹਾਂ 'ਤੇ 'ਵਿੱਕੀ ਮਿੱਡੂਖੇੜਾ ਲਈ ਇਨਸਾਫ' ਲਿਖਿਆ ਹੋਇਆ ਸੀ । ਮਾਰਚ ਨੇ ਰਸਮੀ ਤੌਰ 'ਤੇ ਸੋਸ਼ਲ ਮੀਡੀਆ ਰਾਹੀਂ #justiceforvickymiddukhera ਮੁਹਿੰਮ ਦੀ ਸ਼ੁਰੂਆਤ ਦਾ ਸੰਕੇਤ ਵੀ ਦਿੱਤਾ।

 

ਜ਼ਿਕਰਯੋਗ ਹੈ ਕਿ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ ਯੂਥ ਅਕਾਲੀ ਦਲ ਦਾ ਆਗੂ ਸੀ, ਜਿਸ ਦੀ ਅਗਸਤ 7 , 2021 ਨੂੰ ਮੋਹਾਲੀ ਦੇ ਸੈਕਟਰ 71 ਵਿੱਚ ਹਥਿਆਰਬੰਦ ਹਮਲਾਵਰਾਂ ਵੱਲੋਂ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਸੀ।

ਮਾਰਚ ਦੌਰਾਨ ਵਿੱਕੀ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਨੇ ਕਿਹਾ, “ਸਾਨੂੰ ਅਜੇ ਵੀ ਇਨਸਾਫ਼ ਮਿਲਣ ਦੀ ਆਸ ਹੈ। ਸਾਨੂੰ ਮੋਹਾਲੀ ਪੁਲਿਸ 'ਤੇ ਪੂਰਾ ਭਰੋਸਾ ਹੈ ਪਰ ਮੇਰੇ ਭਰਾ ਦੇ ਕਾਤਲਾਂ ਨੂੰ ਫੜਨ 'ਚ ਦੇਰੀ ਬਹੁਤ ਦੁਖਦਾਈ ਹੈ। ਉਹ ਇੱਕ ਪੂਰੀ ਤਰ੍ਹਾਂ ਕੋਮਲ ਵਿਅਕਤੀ ਸੀ ਜਿਸਦੀ ਸ਼ਖਸੀਅਤ ਬਾਰੇ ਕੋਈ ਵਿਵਾਦ ਨਹੀਂ ਸੀ। ਕੋਈ ਉਸਨੂੰ ਕਿਉਂ ਮਾਰ ਦੇਵੇ? ਮੈਂ 'ਇਨਸਾਫ਼ ਮਾਰਚ' ਦੇ ਪਲੇਟਫਾਰਮ ਤੋਂ ਮੋਹਾਲੀ ਪੁਲਿਸ (Punjab Police) ਨੂੰ ਦੋਸ਼ੀਆਂ ਨੂੰ ਫੌਰੀ ਫੜਨ ਦੀ ਅਪੀਲ ਕਰਦਾ ਹਾਂ।”

ਉਸ ਨੇ ਅੱਗੇ ਕਿਹਾ, "ਮੈਂ ਅਤੇ ਵਿੱਕੀ ਦਾ ਨਜ਼ਦੀਕੀ ਪਰਿਵਾਰ ਅਣਪਛਾਤੇ ਡਰ ਵਿੱਚ ਜੀਅ ਰਹੇ ਹਾਂ ਕਿਉਂਕਿ ਅਜੇ ਤੱਕ ਕਤਲ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ। ਵਿੱਕੀ ਦੇ ਕਤਲ ਪਿੱਛੇ ਲੋਕਾਂ ਦੁਆਰਾ ਸਾਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਇਸ ਲਈ ਮੈਂ ਤੇ ਵਿੱਕੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਲਈ ਸੁਰੱਖਿਆ ਦੀ ਫੌਰੀ ਮੰਗ ਕਰਦਾ ਹਾਂ।"

 

ਮਾਰਚ 'ਚ ਸ਼ਾਮਲ ਹੋਰ ਆਗੂਆਂ ਨੇ ਕਿਹਾ, “ਅਸੀਂ ਸਾਰੇ ਚਾਹੁੰਦੇ ਹਾਂ ਕਿ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਲਈ ਨਿਆਂ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ। ਪੁਲਿਸ ਨੂੰ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ।” ‘ਇਨਸਾਫ਼ ਮਾਰਚ’ ਵਿੱਚ ਹਿੱਸਾ ਲੈਣ ਵਾਲਿਆਂ ਨੇ ਇਸ ਘਟਨਾ 'ਤੇ ਅਫਸੋਸ ਜਤਾਇਆ ਤੇ ਦਾਅਵਾ ਕੀਤਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ, ਜਿਸ ਦਿਨ ਇਹ ਕਤਲ ਹੋਇਆ ਸੀ, ਦਵਿੰਦਰ ਬੰਬੀਹਾ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਪਰ ਪੁਲਿਸ ਅਜੇ ਤੱਕ ਦੋਸ਼ੀਆਂ ਤੱਕ ਨਹੀਂ ਪਹੁੰਚ ਸਕੀ।

 

ਜ਼ਿਕਰਯੋਗ ਹੈ ਕਿ ਮੋਹਾਲੀ ਪੁਲਿਸ ਵੱਲੋਂ ਅਜੈਪਾਲ ਸਿੰਘ ਮਿੱਡੂਖੇੜਾ ਦੀ ਸ਼ਿਕਾਇਤ 'ਤੇ 7 ਅਗਸਤ, 2021 ਨੂੰ ਅਣਪਛਾਤੇ ਵਿਅਕਤੀਆਂ ਖਿਲਾਫ ਐਫਆਈਆਰ-0168 ਦਰਜ ਕੀਤੀ ਗਈ ਸੀ। ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਘਟਨਾ ਨੂੰ 120 ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਵਿੱਕੀ ਦੀ ਹੱਤਿਆ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।