ਹੈਲੀਕਾਪਟਰ ਹਾਦਸਾ: ਨਾਇਕ ਗੁਰਸੇਵਕ ਸਿੰਘ ਦੀ ਦੇਹ ਪੰਜਾਬ ਪੁੱਜੀ

ਤਾਮਿਲਨਾਡੂ  : ਤਾਮਿਲਨਾਡੂ ਦੇ ਕੁਨੂਰ ਨੇੜੇ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਏ ਨਾਇਕ ਗੁਰਸੇਵਕ ਸਿੰਘ ਦੀ ਦੇਹ ਅੱਜ ਇੱਥੇ ਪਹੁੰਚ ਗਈ।

 

ਅਧਿਕਾਰੀਆਂ ਨੇ ਦੱਸਿਆ ਕਿ ਦੇਹ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਨੇੜਲੇ ਪਿੰਡ ਦੋਦੇ ਸੋਢੀਆਂ ਵਿਖੇ ਲਿਜਾਇਆ ਜਾ ਰਿਹਾ ਹੈ, ਜਿੱਥੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਗੁਰਸੇਵਕ ਸਿੰਘ ਦੀ ਲਾਸ਼ ਦੀ ਪਛਾਣ ਲਈ ਕਾਫ਼ੀ ਜਾਂਚ ਪੜਤਾਲ ਕੀਤੀ ਗਈ ਤੇ ਇਸ ਕਾਰਨ ਦੇਹ ਉਸ ਦੇ ਪਿੰਡ ਭੇਜਣ ’ਚ ਵਕਤ ਲੱਗ ਗਿਆ। ਦੱਸ ਦਈਏ ਕਿ ਬੀਤੇ ਦਿਨ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸੁਰੱਖਿਆ ਬਲਾਂ ਦੇ ਪੰਜ ਹੋਰ ਮੁਲਾਜ਼ਮਾਂ ਦੀ ਸ਼ਨਾਖਤ ਹੋਈ ਸੀ ਤੇ ਇਨ੍ਹਾਂ ਦੀਆਂ ਲਾਸ਼ਾਂ ਨੂੰ ਸਬੰਧਤ ਪਿੱਤਰੀ ਕਸਬਿਆਂ ਵਿੱਚ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਂ ਜਵਾਨਾਂ ਦੀਆਂ ਲਾਸ਼ਾਂ ਪੂਰੇ ਫ਼ੌਜੀ ਸਨਮਾਨਾਂ ਨਾਲ ਹਵਾਈ ਮਾਰਗ ਰਾਹੀਂ ਉਨ੍ਹਾਂ ਦੇ ਸਬੰਧਤ ਪਿੱਤਰੀ ਕਸਬਿਆਂ ’ਚ ਲਿਜਾਈਆਂ ਜਾ ਰਹੀਆਂ ਹਨ।

 

ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਪੈਂਦੇ ਲਾਂਸ ਨਾਇਕ ਵਿਵੇਕ ਕੁਮਾਰ ਦੇ ਜੱਦੀ ਪਿੰਡ ਥਹੇੜੂ ਵਿੱਚ ਉਨ੍ਹਾਂ ਦੀ ਦੇਹ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।