CM ਭਗਵੰਤ ਮਾਨ ਦਾ ਵੱਡਾ ਐਲਾਨ- ਪੰਜਾਬ 'ਤੇ ਚੜ੍ਹੇ 3 ਲੱਖ ਕਰੋੜ ਦੇ ਕਰਜ਼ ਦੀ ਹੋਵੇਗੀ ਜਾਂਚ

ਚੰਡੀਗਡ਼੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ’ਤੇ ਚਡ਼੍ਹੇ ਤਿੰਨ ਲੱਖ ਕਰੋਡ਼ ਰੁਪਏ ਦੇ ਕਰਜ਼ ਦੀ ਜਾਂਚ ਕਰਾਉਣ ਦਾ ਐਲਾਨ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸਲੀਅਤ ’ਚ ਇਹ ਪੈਸਾ ਕਿੱਥੇ ਗਿਆ? ਇਸ ਦੀ ਜਾਂਚ ਕਰਵਾ ਕੇ ਇਸ ਦੀ ਰਿਕਵਰੀ ਕਰਵਾਈ ਜਾਵੇਗੀ, ਕਿਉਂਕਿ ਇਹ ਪੈਸਾ ਪੰਜਾਬ ਦਾ ਹੈ। ਮਾਨ ਦੇ ਇਸ ਐਲਾਨ ਦਾ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਗਤ ਕਰਦੇ ਹੋਏ ਹਮਲਾਵਰ ਰੁਖ਼ ਵੀ ਅਪਣਾਇਆ ਹੈ। ਦੋਵੇਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪੂਰਾ ਅਧਿਕਾਰ ਹੈ ਕਿ ਉਹ ਇਸ ਦੀ ਜਾਂਚ ਕਰਵਾਉਣ। ਕਰਜ਼ ਚਡ਼੍ਹਾਉਣ ’ਚ ਜੇਕਰ ਕੋਈ ਦੋਸ਼ੀ ਹੈ ਤਾਂ ਉਸ ’ਤੇ ਸਖ਼ਤ ਕਾਰਵਾਈ ਵੀ ਹੋਣੀ ਚਾਹੀਦੀ ਹੈ ਪਰ ਇਸ ਦੇ ਨਾਲ ਹੀ ਇਸ ਗੱਲ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਨਾਲ ਗੁਜਰਾਤ ’ਚ ਇਸ਼ਤਿਹਾਰ ਕਿਉਂ ਦਿੱਤੇ ਜਾ ਰਹੇ ਹਨ?

ਸੋਮਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਐਲਾਨ ਨੂੰ ਲੈ ਕੇ ਟਵੀਟ ਕੀਤਾ ਗਿਆ। ਇਸ ਪਿੱਛੋਂ ਵਿਰੋਧੀ ਧਿਰ ਨੇ ਵੀ ਪ੍ਰਤੀਕਿਰਿਆ ਦੇਣ ’ਚ ਦੇਰੀ ਨਹੀਂ ਕੀਤੀ। ਭਾਜਪਾ ਦੇ ਸੂਬਾਈ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ’ਤੇ ਚਡ਼੍ਹੇ ਕਰਜ਼ ’ਤੇ ਭਗਵੰਤ ਮਾਨ ਸਰਕਾਰ ਨੂੰ ਵ੍ਹਾਈਟ ਪੇਪਰ ਲਿਆਉਣਾ ਚਾਹੀਦਾ ਹੈ। ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਆਖ਼ਰ ਕਿਸ ਕਾਰਨ ਪੰਜਾਬ ਦੇ ਸਿਰ ’ਤੇ ਏਨਾ ਕਰਜ਼ ਚਡ਼੍ਹ ਗਿਆ। ਸ਼ਰਮਾ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਪੰਜਾਬ ਦੇ ਲੋਕਾਂ ’ਤੇ ਹੋਰ ਜ਼ਿਆਦਾ ਕਰਜ਼ ਨਹੀਂ ਚਡ਼੍ਹਾਉਣਗੇ। ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਗੱਲ ਦੀ ਜਾਂਚ ਕਰਵਾ ਕੇ ਲੋਕਾਂ ਨੂੰ ਦੱਸਣ ਕਿ ਪਿਛਲੀਆਂ ਸੱਤ ਸਰਕਾਰਾਂ ਨੇ ਪਹਿਲੇ ਇਕ ਮਹੀਨੇ ਦੌਰਾਨ ਕਿੰਨਾ ਪੈਸਾ ਇਸ਼ਤਿਹਾਰਾਂ ’ਤੇ ਖਰਚ ਕੀਤਾ। ਮੁੱਖ ਮੰਤਰੀ ’ਚ ਹਿੰਮਤ ਹੈ ਤਾਂ ਉਹ ਇਸ ਦੀ ਜਾਂਚ ਕਰਵਾਉਣ ਕਿ ਪੰਜਾਬ ਦੇ ਲੋਕਾਂ ਵਲੋਂ ਦਿੱਤੇ ਜਾਣ ਵਾਲੇ ਟੈਕਸ ਨਾਲ ਗੁਜਰਾਤ ’ਚ ਇਸ਼ਤਿਹਾਰ ਕਿਉਂ ਦਿੱਤਾ ਜਾ ਰਿਹਾ ਹੈ?ਉੱਥੇ, ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਰਜ਼ ਨੂੰ ਲੈ ਕੇ ਆਡਿਟ ਕਰਵਾਉਣ ਦੇ ਮੁੱਖ ਮੰਤਰੀ ਦਾ ਐਲਾਨ ਸਵਾਗਤਯੋਗ ਹੈ। ਸਰਕਾਰ ਨੂੰ ਪੂਰਾ ਅਧਿਕਾਰ ਹੈ ਕਿ ਜਿਸਨੇ ਵੀ ਸਰਕਾਰੀ ਫੰਡ ਦੀ ਦੁਰਵਰਤੋਂ ਕੀਤੀ, ਉਸ ਦੇ ਖ਼ਿਲਾਫ਼ ਕਾਰਵਾਈ ਕਰੇ ਪਰ ਕਰਜ਼ ਨੂੰ ਲੈ ਕੇ ਆਡਿਟ ਕਰਵਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਨਾ ਕਰੇ। ਇਕ ਪਾਸੇ ਆਡਿਟ ਹੁੰਦਾ ਰਹੇ ਪਰ ਦੂਜੇ ਪਾਸੇ ਲੋਕਾਂ ਨਾਲ ਜਿਹਡ਼ੇ ਵਾਅਦੇ ਕੀਤੇ ਸਨ, ਸਰਕਾਰ ਉਸਨੂੰ ਪੂਰਾ ਕਰੇ। ‘ਆਪ’ ਨੇ 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਦਿੱਤੀ ਸੀ। ਹੋਰ ਵੀ ਕਈ ਗਾਰੰਟੀਆਂ ਹਨ। ਡਾ. ਚੀਮਾ ਨੇ ਕਿਹਾ ਕਿ ਆਡਿਟ ਇਸ ਗੱਲ ਦਾ ਵੀ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਟੈਕਸ ਨਾਲ ਗੁਜਰਾਤ ’ਚ ਇਸ਼ਤਿਹਾਰਬਾਜ਼ੀ ਕਿਉਂ ਕੀਤੀ ਜਾ ਰਹੀ ਹੈ, ਕਿਉਂਕਿ ਆਮ ਆਦਮੀ ਪਾਰਟੀ ਨੇ ਗੁਜਰਾਤ ’ਚ ਚੋਣ ਲਡ਼ਨੀ ਹੈ, ਇਸ ਲਈ ਪੰਜਾਬ ਦੇ ਲੋਕਾਂ ਦਾ ਪੈਸਾ ਗੁਜਰਾਤ ’ਚ ਰੋਡ਼ਿਆ ਜਾ ਰਿਹਾ ਹੈ।