ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜੇਲ੍ਹਾਂ 'ਚੋਂ ਬਰਾਮਦ ਹੋਣ ਵਾਲੇ ਸਿਮ ਤੇ ਮੋਬਾਈਲਾਂ ਦੇ ਮਾਲਕਾਂ 'ਤੇ ਵੀ ਕਾਰਵਾਈ ਹੋਵੇਗੀ। ਬੈਂਸ ਨੇ ਕਿਹਾ ਕਿ ਜੇਲ੍ਹਾਂ ਵਿਚ ਪਿਛਲੀਆਂ ਸਰਕਾਰਾਂ ਨੇ ਜੋ ਕਮੀਆਂ ਛੱਡੀਆਂ ਹੋਈਆਂ ਸਨ, ਉਸ ਨੂੰ ਜਲਦ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਜੇਲ੍ਹ ਵਿੱਚ ਕੋਈ ਵੀ ਗਲਤ ਕੰਮ ਨਹੀਂ ਹੋਣ ਦਿੱਤਾ ਜਾਵੇਗਾ। ਸਰਚ ਅਭਿਆਨ ਦਰਮਿਆਨ ਜੇਕਰ ਕੋਈ ਮੋਬਾਇਲ ਜਾਂ ਸਿਮ ਬਰਾਮਦ ਹੁੰਦਾ ਹੈ ਤਾਂ ਮੋਬਾਈਲ ਕਿਸ ਦੇ ਨਾਮ ਅਤੇ ਸਿਮ ਕਿਸ ਦੇ ਨਾਮ 'ਤੇ ਹੈ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਵਾਂਗੇ ਅਤੇ ਪੰਜਾਬ ਵਿੱਚ ਹੁੰਦੇ ਗਲਤ ਕੰਮਾਂ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਲਚਰ ਤੇ ਟੂਰਿਜ਼ਮ ਵਿਭਾਗ ਵੀ ਉਨ੍ਹਾਂ ਕੋਲ ਹੈ। ਪੰਜਾਬ ਵਿੱਚ ਸੈਰ ਸਪਾਟੇ ਨੂੰ ਵਿਕਸਿਤ ਕੀਤਾ ਜਾਵੇਗਾ ਅਤੇ ਜੋ ਕਮੀਆਂ ਹਨ ਉਸ ਨੂੰ ਦੂਰ ਕੀਤਾ ਜਾਵੇਗਾ।