ਐੱਸਵਾਈਐੱਲ ਦੇ ਮੁੱਦੇ ’ਤੇ ਭਖੀ ਸਿਆਸਤ, ਸਿਆਸੀ ਸ਼ਰੀਕਾਂ ਨੇ ਭਗਵੰਤ ਮਾਨ ਨੂੰ ਘੇਰਿਆ

ਚੰਡੀਗਡ਼੍ਹ : ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਹਰਿਆਣਾ ਦੇ ਇੰਚਾਰਜ ਸੁਸ਼ੀਲ ਗੁਪਤਾ ਦੇ ਐੱਸਵਾਈਐੱਲ (ਸਤਲੁਜ-ਯਮਨਾ ਲਿੰਕ ਨਹਿਰ) ਦਾ ਪਾਣੀ ਹਰਿਆਣੇ ਦੇ ਹਰੇਕ ਪਿੰਡ ਤਕ ਪਹੁੰਚਾਉਣ ਦੇ ਬਿਆਨ ਨੇ ‘ਆਪ’ ਦੀ ਪੰਜਾਬ ਦੀ ਇਕਾਈ ਲਈ ਵੱਡੀ ਮੁਸੀਬਤ ਖਡ਼੍ਹੀ ਕਰ ਦਿੱਤੀ ਹੈ। ਚੰਡੀਗਡ਼੍ਹ ਅਤੇ ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਤੇ ਹਰਿਆਣਾ ਸਰਕਾਰ ਵੱਲੋਂ ਬੁਲਾਏ ਗਏ ਵਿਸ਼ੇਸ਼ ਇਜਲਾਸ ਤੋਂ ਬਾਅਦ ਧੁਖ ਰਹੀ ਅੱਗ ਨੂੰ ‘ਆਪ’ ਦੇ ਹਰਿਆਣਾ ਮਾਮਲਿਆਂ ਇੰਚਾਰਜ ਸੁਸ਼ੀਲ ਗੁਪਤਾ ਦੇ ਬਿਆਨ ਨੇ ਭਖਾ ਦਿੱਤਾ ਹੈ। ਦੋਵਾਂ ਸੂਬਿਆਂ ’ਚ ਪਾਣੀ ਦੇ ਮੁੱਦੇ ’ਤੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਅਕਾਲੀ ਦਲ, ਕਾਂਗਰਸ, ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਨੇ ਆਮ ਆਦਮੀ ਪਾਰਟੀ ’ਤੇ ਹਮਲਾਵਰ ਰੁਖ ਅਖ਼ਤਿਆਰ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ‘ਆਪ’ ਦੇ ਰਾਜ ਸਭਾ ਦੇ ਮੈਂਬਰ ਦੇ ਬਿਆਨ ਨੇ ਅਰਵਿੰਦ ਕੇਜਰੀਵਾਲ ਦਾ ਅਸਲ ਚਿਹਰਾ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਦੇ ਵੀ ਕਿਸੇ ਨੂੰ ਵੀ ਸੂਬੇ ਦੇ ਹਿੱਤਾਂ ਨਾਲ ਖਿਲਵਾਡ਼ ਨਹੀਂ ਕਰਨ ਦੇਵੇਗਾ। ਸੁਖਬੀਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮੁੱਦੇ ’ਤੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।

‘ਆਪ’ ਦੇ ਰਾਜ ਸਭਾ ਮੈਂਬਰ ਚੁੱਪ ਕਿਉਂ : ਬਾਜਵਾਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਤੋਂ ਚੁਣੇ ਗਏ ਰਾਜ ਸਭਾ ਮੈਂਬਰਾਂ ਵੱਲੋਂ ਆਪਣੇ ਸਾਥੀ ਵੱਲੋਂ ਹਰਿਆਣਾ ਨੂੰ ਐੱਸਵਾਈਐੱਲ ਦਾ ਪਾਣੀ ਦੇਣ ਦੇ ਮੁੱਦੇ ’ਤੇ ਚੁੱਪ ਰਹਿਣ ’ਤੇ ਸਵਾਲ ਖਡ਼੍ਹਾ ਕੀਤਾ ਹੈ । ਬਾਜਵਾ ਨੇ ਮੁੱਖ ਮੰਤਰੀ ਤੇ ਪਾਰਟੀ ਨੂੰ ਇਸ ਮੁੱਦੇ ’ਤੇ ਸਪਸ਼ਟ ਕਰਨ ਲਈ ਕਿਹਾ ਹੈ।

ਕੇਜਰੀਵਾਲ ਸਥਿਤੀ ਸਪਸ਼ਟ ਕਰਨ : ਖਹਿਰਾ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਹ ਸਪਸ਼ਟ ਕਰਨ ਲਈ ਕਿਹਾ ਕਿ ਸੁਸ਼ੀਲ ਗੁਪਤਾ ਦਾ ਬਿਆਨ ਨਿੱਜੀ ਹੈ ਜਾਂ ਪਾਰਟੀ ਦਾ। ਖਹਿਰਾ ਨੇ ਕਿਹਾ ਕਿ ਇਹ ਪੰਜਾਬ ਦੇ ਪਾਣੀਆਂ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆ ਤੇ ਪਾਣੀ ਸਾਡੀ ਜੀਵਨ ਰੇਖਾ ਹਨ।

ਮੈਂ ਪਹਿਲਾਂ ਹੀ ਸੁਚੇਤ ਕੀਤਾ ਸੀ : ਵਡ਼ਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਨੇ ਟਵੀਟ ਕਰਦਿਆਂ ਕਿਹਾ ਕਿ ਮਾਨ ਸਾਹਿਬ, ‘ਮੈਂ ਤੁਹਾਨੂੰ ਸੁਚੇਤ ਕੀਤਾ ਸੀ ਕਿ ਦੁਸ਼ਮਣ ਦਰਵਾਜ਼ੇ ’ਤੇ ਹੈ ਤੇ ਐੱਸਵਾਈਐੱਲ ਦਾ ਮੁੱਦਾ ਪੰਜਾਬ ਦੇ ਗਲੇ ਦੀ ਹੱਡੀ ਬਣਨ ਵਾਲਾ ਹੈ। ਗੁਪਤਾ ਦੇ ਬਿਆਨ ’ਤੇ ਪੰਜਾਬ ਦੇ ਰਾਜ ਸਭਾ ਮੈਂਬਰ ਚੁੱਪ ਕਿਉਂ ਹਨ’।

ਭਗਵੰਤ ਮਾਨ ਸਥਿਤੀ ਸਪੱਸ਼ਟ ਕਰਨ : ਪਰਗਟ ਸਿੰਘ

ਸਾਬਕਾ ਮੰਤਰੀ ਤੇ ਜਲੰਧਰ ਛਾਉਣੀ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਆਪ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਪੰਜਾਬ ਕੋਲ ਇਕ ਬੂੰਦ ਵਾਧੂ ਪਾਣੀ ਨਹੀਂ ਤਾਂ ਹਰਿਆਣਾ ਦੇ ‘ਆਪ’ ਦੇ ਇੰਚਾਰਜ ਸੁਸ਼ੀਲ ਗੁਪਤਾ ਵੱਲੋਂ ਕਿਸ ਹਿਸਾਬ ਨਾਲ ਹਰਿਆਣੇ ਦੇ ਹਰੇਕ ਪਿੰਡ ਨੂੰ ਪੰਜਾਬ ਦਾ ਪਾਣੀ ਦੇਣ ਦੀ ਗਾਰੰਟੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਤੁਰੰਤ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।

ਮਾਨ ਆਪਣਾ ਸਟੈਂਡ ਸਪੱਸ਼ਟ ਕਰਨ : ਬਲੀਏਵਾਲ

ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਸੁਸ਼ੀਲ ਗੁਪਤਾ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਰਕਾਰ ਕੋਈ ਵੀ ਹੋਵੇ ਪੰਜਾਬੀ ਆਪਣਾ ਹੱਕ ਲੈਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ’ਤੇ ਪਹਿਲਾ ਹੱਕ ਪੰਜਾਬ ਦਾ ਸੀ, ਹੈ ਤੇ ਰਹੇਗਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੇ ਮੁੱਦੇ ’ਤੇ ਆਪਣਾ ਸਟੈਂਡ ਨਹੀਂ ਛੱਡਿਆ ਸੀ, ਇਸ ਲਈ ਭਗਵੰਤ ਮਾਨ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਪੰਜਾਬੀਆਂ ਨੂੰ ਦੱਸਣ ਕਿ ਕੀ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਹਰਿਆਣਵੀਆਂ ਨੂੰ ਗਾਰੰਟੀ ਉਨ੍ਵਾਂ (ਮਾਨ) ਦੇ ਅਸ਼ੀਰਵਾਦ ਨਾਲ ਦਿੱਤੀ ਹੈ? ਚੀਮਾ ਨੇ ਕਿਹਾ ਕਿ ਦਿੱਲੀ ਦਾ ਐੱਮਪੀ ਜੋ ਮੂਲ ਰੂਪ ’ਚ ਹਰਿਆਣੇ ਤੋਂ ਹੈ, ਤਾਂ ਹੀ ਇਹ ਗਾਰੰਟੀ ਦੇ ਸਕਦਾ ਹੈ ਜੇ ਉਸ ਨੂੰ ਅਰਵਿੰਦ ਕੇਜਰੀਵਾਲ ਤੋਂ ਅਜਿਹਾ ਕਰਨ ਦਾ ਅਧਿਕਾਰ ਮਿਲਿਆ ਹੋਵੇ। ਡਾ. ਚੀਮਾ ਨੇ ਕਿਹਾ ਕਿ ਪੰਜਾਬੀ ਕਦੇ ਵੀ ਆਮ ਆਦਮੀ ਪਾਰਟੀ ਨੂੰ ਇਸ ਦੇ ਹਿੱਤਾਂ ਨਾਲ ਸਮਝੌਤਾ ਕਰ ਕੇ ਹਰਿਆਣਾ ਵਿਚ ਚੋਣ ਲਾਹਾ ਲੈਣ ਦੀ ਆਗਿਆ ਨਹੀਂ ਦੇਣਗੇ।

ਇਹ ਕਿਹਾ ਗੁਪਤਾ ਨੇ

ਸੁਸ਼ੀਲ ਗੁਪਤਾ ਨੇ ਕਿਹਾ ਹੈ ਕਿ 2025 ’ਚ ਹਰਿਆਣੇ ’ਚ ‘ਆਪ’ ਦੀ ਸਰਕਾਰ ਬਣਨ ’ਤੇ ਐੱਸਵਾਈਐੱਲ ਦਾ ਪਾਣੀ ਹਰਿਆਣੇ ਦੇ ਹਰ ਪਿੰਡ ’ਚ ਪਹੁੰਚ ਜਾਵੇਗਾ। ਗੁਪਤਾ ਨੇ ਕਿਹਾ ਸੀ ਕਿ ਆਪ ਦਾ ਇਹ ਵਾਅਦਾ ਨਹੀਂ ਬਲਕਿ ਗਾਰੰਟੀ ਹੈ।

‘ਆਪ’ ਪੰਜਾਬ ਦਾ ਪਾਣੀ ਹਰਿਆਣੇ ਲਿਜਾਣਾ ਚਾਹੁੰਦੀ ਹੈ: ਸੁਭਾਸ਼ ਸ਼ਰਮਾ

ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਸੁਸ਼ੀਲ ਗੁਪਤਾ ਵੱਲੋਂ ਹਰਿਆਣੇ ਨੂੰ ਦਿੱਤੀ ਗਈ ਗਾਰੰਟੀ ’ਤੇ ਟਿਪਣੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਪਸ਼ਟ ਕਰਨ ਕੀ ਇਹ ਗਾਰੰਟੀ ਉਨ੍ਹਾਂ ਨੂੰ ਪੁੱਛ ਕੇ ਦਿੱਤੀ ਗਈ ਹੈ? ਸ਼ਰਮਾ ਨੇ ਕਿਹਾ ਕਿ ‘ਆਪ’ ਪੰਜਾਬ ਦਾ ਪਾਣੀ ਹਰਿਆਣਾ ਤੇ ਦਿੱਲੀ ਵਿਚ ਲਿਜਾਣਾ ਚਾਹੁੰਦੀ ਹੈ।

‘ਆਪ’ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ: ਗਰੇਵਾਲ

ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ‘ਆਪ’ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ, ਆਪ ਪੰਜਾਬ ਨੂੰ ਮਾਰੂਥਲ ਬਣਾਉਣਾ ਤੇ ਪੰਜਾਬੀਆਂ ਨੂੰ ਆਪਸ ਵਿਚ ਲਡ਼ਾਉਣਾ ਚਾਹੁੰਦੀ ਹੈ। ਗਰੇਵਾਲ ਨੇ ਕਿਹਾ ਕਿ ‘ਆਪ’ ਦਾ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ।