ਮੋਦੀ ਸਰਕਾਰ ਸ਼ੁਰੂ ਕਰੇਗੀ ਆਯੁਸ਼ ਵੀਜ਼ਾ, ਜਾਣੋ ਕੀ ਹੋਵੇਗੀ ਖਾਸੀਅਤ

ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਰਵਾਇਤੀ ਇਲਾਜ ਪ੍ਰਣਾਲੀ ਨਾਲ ਇਲਾਜ ਕਰਵਾਉਣ ਲਈ ਵਿਦੇਸ਼ ਤੋਂ ਜਿਹਡ਼ੇ ਲੋਕ ਭਾਰਤ ਆਉਣਾ ਚਾਹੁਣਗੇ, ਉਨ੍ਹਾਂ ਲਈ ਸਰਕਾਰ ਛੇਤੀ ਹੀ ‘ਆਯੁਸ਼ ਵੀਜ਼ਾ’ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਰਵਾਇਤੀ ਇਲਾਜ ਦੇ ਚੱਲਦੇ ਕੇਰਲ ’ਚ ਸੈਰ-ਸਪਾਟਾ ਵਧਿਆ ਹੈ। ਇਹ ਸਮਰੱਥਾ ਪੂਰੇ ਭਾਰਤ ਵਿਚ ਹੈ। ਦੇਸ਼ ਦੇ ਹਰ ਹਿੱਸੇ ਵਿਚ ਹੈ। ‘ਹੀਲ ਇਨ ਇੰਡੀਆ’ ਇਸ ਦਹਾਕੇ ਦਾ ਵੱਡਾ ਬ੍ਰਾਂਡ ਬਣ ਸਕਦਾ ਹੈ।

ਗਾਂਧੀਨਗਰ ਸਥਿਤ ਮਹਾਤਮਾ ਮੰਦਰ ਵਿਚ ਕਰਵਾਏ ਵਿਸ਼ਵ ਪੱਧਰੀ ਆਯੁਸ਼ ਨਿਵੇਸ਼ਕ ਤੇ ਇਨੋਵੇਸ਼ਨ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਆਯੁਰਵੇਦ, ਯੂਨਾਨੀ, ਸਿੱਧ ਇਲਾਜ ’ਤੇ ਆਧਾਰਿਤ ਸਿਹਤ ਕੇਂਦਰਾਂ ਨੂੰ ਲੋਕਪ੍ਰਿਅ ਬਣਾਇਆ ਜਾ ਸਕਦਾ ਹੈ। ਆਯੁਸ਼ ਵੀਜ਼ਾ ਨਾਲ ਰਵਾਇਤੀ ਇਲਾਜ ਲਈ ਭਾਰਤ ਆਉਣ ਵਾਲੇ ਲੋਕਾਂ ਨੂੰ ਮਦਦ ਮਿਲੇਗੀ। ਤਿੰਨ ਦਿਨਾਂ ਤਕ ਚੱਲਣ ਵਾਲੇ ਇਸ ਸੰਮੇਲਨ ਦੇ ਉਦਘਾਟਨ ਦੇ ਮੌਕੇ ’ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਅਤੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਨੋਮ ਘੇਬਰੇਸਸ ਵੀ ਮੌਜੂਦ ਸਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਰਵਾਇਤੀ ਦਵਾਈ ਉਦਯੋਗ ਨੂੰ ਬਡ਼੍ਹਾਵਾ ਦੇਣ ਲਈ ਭਾਰਤ ਸਰਕਾਰ ‘ਆਯੁਸ਼ ਮਾਰਕ’ ਜਾਰੀ ਕਰਨਾ ਸ਼ੁਰੂ ਕਰੇਗੀ। ਇਸ ਦਾ ਮਕਸਦ ਦੇਸ਼ ਵਿਚ ਬਣਨ ਵਾਲੇ ਆਯੁਸ਼ ਉਤਪਾਦਾਂ ਦੀ ਗੁਣਵੱਤਾ ਨੂੰ ਪ੍ਰਮਾਣਤ ਕਰਨਾ ਹੈ। ਇਸ ਨਾਲ ਦੁਨੀਆ ਦੇ ਲੋਕਾਂ ਵਿਚ ਇਹ ਵਿਸ਼ਵਾਸ ਪੈਦਾ ਹੋਵੇਗਾ ਕਿ ਜਿਸ ਆਯੁਸ਼ ਉਤਪਾਦ ਦਾ ਉਹ ਇਸਤੇਮਾਲ ਕਰ ਰਹੇ ਹਨ, ਉਹ ਚੰਗੀ ਗੁਣਵੱਤਾ ਦਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਆਯੁਸ਼ ਪਾਰਕ ਵਿਕਸਤ ਕਰਨ ਦੀ ਵੀ ਗੱਲ ਕਹੀ। ਮੋਦੀ ਨੇ ਕਿਹਾ ਕਿ ਆਯੁਸ਼ ਖੇਤਰ ਵਿਚ ਨਿਵੇਸ਼ ਤੇ ਖੋਜ ਦੀ ਅਪਾਰ ਸੰਭਾਵਨਾ ਹੈ। ਕੋਵਿਡ ਮਹਾਮਾਰੀ ਦੌਰਾਨ ਦੁਨੀਆ ਨੇ ਆਯੁਰਵੇਦ ਤੇ ਰਵਾਇਤੀ ਇਲਾਜ ਨੂੰ ਅਪਣਾਇਆ।ਇਸ ਤੋਂ ਪਹਿਲਾਂ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨੇ ਕਿਹਾ ਕਿ ਦੁਨੀਆ ਦੀ 80 ਫ਼ੀਸਦੀ ਆਬਾਦੀ ਰਵਾਇਤੀ ਦਵਾਈਆਂ ਦਾ ਇਸਤੇਮਾਲ ਕਰਦੀ ਹੈ। ਭਾਰਤ ਰਵਾਇਤੀ ਦਵਾਈਆਂ ਤੇ ਆਯੁਸ਼ ਦੇ ਖੇਤਰ ਵਿਚ ਦੁਨੀਆ ਦੀ ਅਗਵਾਈ ਕਰ ਸਕਦਾ ਹੈ। ਭਾਰਤ ਨੇ ਕੋਵਿਡ ਮਹਾਮਾਰੀ ਦੌਰਾਨ ਦੁਨੀਆ ਨੂੰ ਰਵਾਇਤੀ ਦਵਾਈਆਂ ਤੇ ਵੈਕਸੀਨ ਉਪਲਬਧ ਕਰਵਾਈਆਂ ਹਨ। ਡਾ. ਟੇਡ੍ਰੋਸ ਨੇ ਮੋਦੀ ਤੋਂ ਆਯੁਸ਼ ਖੇਤਰ ਲਈ ਲੰਬੇ ਸਮੇਂ ਦੀ ਨੀਤੀ ਬਣਾਉਣ ਦੀ ਬੇਨਤੀ ਕੀਤੀ।

ਆਯੁਸ਼ ’ਚ ਆਉਂਦੀਆਂ ਹਨ ਇਹ ਪ੍ਰਣਾਲੀਆਂ

-ਆਯੁਸ਼ ਤਹਿਤ ਆਯੁਰਵੇਦ, ਯੋਗ, ਕੁਦਰਤੀ ਇਲਾਜ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ ਨੂੰ ਰੱਖਿਆ ਗਿਆ ਹੈ।

-ਇਨ੍ਹਾਂ ਬਦਲਵੀਆਂ ਇਲਾਜ ਪ੍ਰਣਾਲੀਆਂ ਲਈ ਭਾਰਤ ਸਰਕਾਰ ’ਚ ਅਲੱਗ ਤੋਂ ਇਕ ਮੰਤਰਾਲੇ ਦਾ ਗਠਨ ਕੀਤਾ ਗਿਆ ਹੈ।

-ਆਯੁਸ਼ ਮੰਤਰਾਲੇ ਦਾ ਉਦੇਸ਼ ਵਿਗਿਆਨਕ ਤਰਕ ਨਾਲ ਇਨ੍ਹਾਂ ਰਵਾਇਤੀ ਪ੍ਰਣਾਲੀਆਂ ਦਾ ਵਿਕਾਸ ਕਰਨਾ ਹੈ।

ਤੇਜ਼ੀ ਨਾਲ ਉੱਭਰ ਰਿਹਾ ਹੈ ਆਯੁਸ਼ ਖੇਤਰ

-2014 ਤੋਂ ਪਹਿਲਾਂ ਆਯੁਸ਼ ’ਚ ਤਿੰਨ ਬਿਲੀਅਨ ਡਾਲਰ ਦਾ ਕਾਰੋਬਾਰ ਸੀ, ਜਿਹਡ਼ਾ 18 ਬਿਲੀਅਨ ਡਾਲਰ ਹੋ ਗਿਆ ਹੈ।

-ਮੋਦੀ ਨੇ ਕਿਹਾ, ਭਾਰਤ ’ਚ ਟੈਲੀਮੈਡੀਸਨ ਸਟਾਰਟਅਪ ਨੂੰ ਬਡ਼੍ਹਾਵਾ ਦੇ ਕੇ ਰਵਾਇਤੀ ਦਵਾਈਆਂ ਨੂੰ ਵਧਾਇਆ ਜਾਵੇਗਾ।

-ਪੀਐੱਮ ਨੇ ਦੱਸਿਆ ਕਿ 2022 ’ਚ ਹੋਣ ਤਕ ਭਾਰਤ ਦੇ 14 ਸਟਾਰਟਅਪ ਯੂਨੀਕਾਰਨ ਕਲੱਬ ’ਚ ਜੁਡ਼ ਚੁੱਕੇ ਹਨ।

-ਉਮੀਦ ਹੈ ਕਿ ਬਹੁਤ ਛੇਤੀ ਆਯੁਸ਼ ਖੇਤਰ ਦੇ ਸਟਾਰਟਅਪ ਨਾਲ ਵੀ ਯੂਨੀਕਾਰਨ ਉੱਭਰ ਕੇ ਸਾਹਮਣੇ ਆਉਣਗੇ