ਸ੍ਰੀ ਅਕਾਲ ਤਖ਼ਤ ਸਾਹਿਬ ਨੇ 3 ਮਈ ਨੂੰ ਸੱਦਿਆ ਪੰਥਕ ਇਕੱਠ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 3 ਮਈ ਨੂੰ ਪੰਥਕ ਇਕੱਠ ਸੱਦਿਆ ਗਿਆ ਹੈ, ਜਿਸ 'ਚ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਨੇ ਸਮੂਹ ਜਥੇਬੰਦੀਆਂ ਆਦਿ ਨੂੰ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਮੁੱਚੇ ਸਿੱਖ ਪੰਥ ਨੂੰ ਇਕ ਜਾਗੋ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਸੋਧਾਂ ਦੇ ਨਾਮ ਹੇਠ ਕੀਤੀਆਂ ਜਾ ਰਹੀਆਂ ਮਨਮੱਤੀਆਂ ਤਬਦੀਲੀਆਂ ਤੋਂ ਬਾਅਦ ਉਪਜੇ ਹਾਲਾਤ ’ਤੇ ਫਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ ਖ਼ਾਲਸਾ ਪੰਥ ਦੇ ਬੁਨਿਆਦੀ ਅਸੂਲਾਂ ’ਚੋਂ ਇਕ ਅਟੱਲ ਸਿਧਾਂਤ ਗੁਰਤਾਗੱਦੀ ਪ੍ਰਾਪਤ ਦਮਦਮੀ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡਤਾਈ ਕਾਇਮ ਰੱਖਣਾ ਹੈ ‘ਪ੍ਰਗਟ ਗੁਰਾਂ ਕੀ ਦੇਹ’ ਹੋਣ ਕਰਕੇ ਇਸ ’ਚ ਕੋਈ ਵਾਧਾ ਘਾਟਾ ਕਰਨ ਦਾ ਜਾਂ ਇਸ ਦੀ ਤਰਤੀਬ ਨੂੰ ਬਦਲਣ ਦਾ ਜਾਂ ਕਿਸੇ ਅੱਖਰ ਲਗਾਮਾਤਰ ਆਦਿ ਦੀ ਤਬਦੀਲੀ ਕਰਨ ਦਾ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਨੂੰ ਕੋਈ ਅਧਿਕਾਰ ਨਹੀਂ ਹੈ।