ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ 'ਤੇ ਕੰਮ ਸ਼ੁਰੂ, ਹੁਣ ਕਣਕ ਦਾ ਆਟਾ ਬਣਾ ਕੇ ਦੇਵੇਗੀ ਪੰਜਾਬ ਸਰਕਾਰ

ਚੰਡੀਗਡ਼੍ਹ : ਰਾਸ਼ਟਰੀ ਖ਼ੁਰਾਕ ਸੁਰੱਖਿਆ ਮਿਸ਼ਨ ਤਹਿਤ ਕੇਂਦਰ ਵੱਲੋਂ ਦਿੱਤੀ ਜਾਣ ਵਾਲੀ ਕਣਕ ਨਾਲ ਪੰਜਾਬ ਸਰਕਾਰ ਆਟਾ ਬਣਾ ਕੇ ਦੇਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕੇਂਦਰ ਦੀ ਇਸ ਯੋਜਨਾ ਤਹਿਤ ਮਿਲਣ ਵਾਲੇ ਰਾਸ਼ਨ ਨੂੰ ਘਰ-ਘਰ ਪਹੁੰਚਾਉਣ ਦੀ ਆਪਣੀ ਯੋਜਨਾ ਬਣਾ ਰਹੀ ਹੈ।

ਖ਼ੁਰਾਕ ਤੇ ਸਪਲਾਈ ਵਿਭਾਗ ਨੇ ਇਸ ’ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਲਾਭਪਾਤਰੀਆਂ ਦੇ ਘਰਾਂ ’ਚ ਕਣਕ ਦੀ ਬਜਾਏ ਆਟਾ ਪਹੁੰਚਾਉਣ ਲਈ ਸੂਬੇ ਦੀਆਂ ਉਨ੍ਹਾਂ ਚੱਕੀਆਂ ਤੋਂ ਟੈਂਡਰ ਮੰਗੇ ਹਨ, ਜਿਨ੍ਹਾਂ ਦੀ ਕਣਕ ਪੀਸਣ ਦੀ ਸਮਰੱਥਾ 100 ਟਨ ਹੈ। ਸਰਕਾਰ ਦੇਖਣਾ ਚਾਹੁੰਦੀ ਹੈ ਕਿ ਜੇਕਰ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ, ਤਾਂ ਕਿੰਨਾ ਵਾਧੂ ਖ਼ਰਚ ਆਵੇਗਾ ਤੇ ਕਿੰਨਾ ਆਟਾ ਉਪਲਬਧ ਹੋ ਸਕੇਗਾ। ਵਿਭਾਗ ਦੀ ਪੰਜ ਤੇ ਦਸ ਕਿੱਲੋ ਵਾਲੀਆਂ ਥੈਲੀਆਂ ਬਣਾ ਕੇ ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਹੈ ਵਿਭਾਗ ਦੇ ਡਾਇਰੈਕਟਰ ਅਭਿਨਵ ਤ੍ਰਿਖਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ’ਤੇ ਅਸੀਂ ਯੋਜਨਾ ਤਿਆਰ ਕਰ ਰਹੇ ਹਾਂ, ਜਿਸਦੇ ਲਈ ਇਹ ਜਾਣਨ ਦੀ ਲੋਡ਼ ਹੈ ਕਿ ਲਾਭਪਾਤਰੀਆਂ ਲਈ ਕਿੰਨੇ ਆਟੇ ਦੀ ਲੋਡ਼ ਹੋਵੇਗੀ ਤੇ ਕੀ ਸਾਡੇ ਕੋਲ ਇੰਨੀ ਸਮਰੱਥਾ ਹੈ ਕਿ ਅਸੀਂ ਉਸ ਨੂੰ ਹਰ ਮਹੀਨੇ ਪੂੁਰਾ ਕਰ ਸਕੀਏ। ਘਰ-ਘਰ ਕਣਕ ਪਹੁੰਚਾਉਣ ’ਤੇ ਕਿੰਨਾ ਵਾਧੂ ਖ਼ਰਚ ਆਵੇਗਾ ਤੇ ਇਹ ਕੌਣ ਚੁੱਕੇਗਾ? ਉਨ੍ਹਾਂ ਕਿਹਾ ਕਿ ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਦੋਂ ਤਕ ਸਾਡੇ ਕੋਲ ਸਾਰਾ ਡਾਟਾ ਇਕੱਠਾ ਨਹੀ ਹੋ ਜਾਂਦਾ ਉਦੋਂ ਤਕ ਕੁਝ ਵੀ ਕਹਿਣਾ ਜਲਦੀ ਹੋਵੇਗੀ।ਜ਼ਿਕਰਯੋਗ ਹੈ ਕਿ ਰਾਸ਼ਟਰੀ ਖ਼ੁਰਾਕ ਸੁਰੱਖਿਆ ਮਿਸ਼ਨ ਤਹਿਤ ਸੂਬੇ ਦੇ 1.42 ਕਰੋਡ਼ ਲੋਕਾਂ ਨੂੰ ਦੋ ਰੁਪਏ ਕਿੱਲੋ ਕੀਮਤ ’ਤੇ ਕਣਕ ਉਪਲਬਧ ਕਰਵਾਈ ਜਾਂਦੀ ਹੈ। ਫਿਲਹਾਲ ਇਹ ਦੋ ਕਿਸ਼ਤਾਂ ’ਚ ਲਾਭਪਾਤਰੀਆਂ ਨੂੰ ਦਿੱਤਾ ਜਾਂਦਾ ਹੈ ਤੇ 30 ਕਿੱਲੋ ਦੀ ਪੈਕਿੰਗ ’ਚ ਦਿੱਤਾ ਜਾ ਰਿਹਾ ਹੈ। ਸਬੰਧਤ ਰਾਸ਼ਨ ਡਿਪੂ ਨਾਲ ਲਾਭਪਾਤਰੀ ਆਪਣੇ ਹਿੱਸੇ ਦਾ ਅਨਾਜ ਸਾਲ ’ਚ ਦੋ ਵਾਰ ਲੈ ਜਾਂਦੇ ਸਨ। ਪਰ ਨਵੀਂ ਸਰਕਾਰ ਬਣਦੇ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਘਰ-ਘਰ ਰਾਸ਼ਨ ਪਹੁੰਚਾਏਗੀ। ਵਿਭਾਗ ਇਸ ਯੋਜਨਾ ’ਤੇ ਕੰਮ ਕਰ ਰਿਹਾ ਹੈ।