ਨਿਊ ਹੈਮਸ਼ਾਇਰ ਵਿਚ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ, ਮਿਲੀਆਂ ਲਾਸ਼ਾਂ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਕੋਨਕਾਰਡ (ਨਿਊ ਹੈਮਸ਼ਾਇਰ) ਦੇ ਵੂਡਡ ਖੇਤਰ ਵਿਚ ਬਜੁਰਗ ਜੋੜੇ ਦੀਆਂ ਲਾਸ਼ਾਂ ਮਿਲੀਆਂ ਹਨ ਜਿਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਡਿਪਟੀ ਚੀਫ ਮੈਡੀਕਲ ਐਗਜ਼ਾਮੀਨਰ ਮਿਸ਼ੈਲ ਵੀਨਬਰਗ ਅਨੁਸਾਰ ਮ੍ਰਿਤਕਾਂ ਦੀ ਪਛਾਣ ਡਜੈਸਵੈਂਡਰ ਰੀਡ 66 ਸਾਲ ਤੇ ਸਟੀਫਨ ਰੀਡ 67 ਸਾਲ ਵਜੋਂ ਹੋਈ ਹੈ। ਉਨਾਂ ਦੇ ਕਈ ਗੋਲੀਆਂ ਮਾਰੀਆਂ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਜੋੜਾ ਘਰ ਤੋਂ ਬੀਤੇ ਦਿਨ ਦੁਪਹਿਰ 2.22 ਵਜੇ ਸੈਰ ਲਈ ਗਿਆ ਸੀ ਪਰ ਵਾਪਿਸ ਘਰ ਨਹੀਂ ਪਰਤਿਆ। ਪੁਲਿਸ ਨੇ ਇਸ ਭੇਦਭਰੇ ਕਤਲ ਦੀ ਗੁੱਥੀ ਸੁਲਝਾਉਣ ਲਈ ਲੋਕਾਂ ਕੋਲੋਂ ਮੱਦਦ ਮੰਗੀ ਹੈ ਤੇ ਕਿਹਾ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਵਿਚ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸਾਂਝੀ ਕਰੇ। ਪੁਲਿਸ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਉਹ ਆਮ ਜਿੰਦਗੀ ਵਿਚ ਇਹਤਿਆਤ ਵਰਤਣ ਤੇ ਸੈਰ ਜਾਂ ਜਰੂਰੀ ਕੰਮ ਕਾਰ  ਲਈ ਜਾਣ ਸਮੇ ਚੌਕਸ ਰਹਿਣ। ਮ੍ਰਿਤਕ  ਜੋੜੇ ਦੇ ਗਵਾਂਢੀਆਂ ਦਾ ਕਹਿਣਾ ਹੈ ਕਿ ਜੋੜਾ ਬਹੁਤ ਸ਼ਾਂਤਮਈ ਜੀਵਨ ਜੀ ਰਿਹਾ ਸੀ। ਪੁਲਿਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ।