ਸੂਬੇ ਵਿਚ ਪੰਚਾਇਤੀ ਜ਼ਮੀਨਾਂ ਤੋਂ ਨਜ਼ਾਇਜ਼ ਕਬਜੇ ਹਟਾਉਣ ਦੀ ਮੁਹਿੰਮ ਦਾ ਆਗਾਜ਼

ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵੱਲੋਂ ਸੂਬੇ ਭਰ ਵਿਚ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾੳੇੁਣ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਮੁਹਾਲੀ ਜ਼ਿਲ੍ਹੇ ਤੋਂ ਸ਼ੁਰੂਆਤ ਕਰ ਦਿੱਤੀ ਗਈ ਹੈ।ਸ਼ਿਵਾਲਿਕ ਪਹਾੜੀਆਂ ਦੀ ਜੜ੍ਹਾਂ ਵਿਚ ਨਿਊ ਚੰਡੀਗੜ੍ਹ ਦੇ ਬਿਲਕੁਲ ਨੇੜੇ ਬਲਾਕ ਮਾਜਰੀ ਦੇ ਪਿੰਡ ਅਭੀਪੁਰ ਦੀ ਕਰੋੜਾਂ ਰੁਪਏ ਦੀ ਬਹੁ-ਕੀਮਤੀ 29 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਪਿੰਡ ਦੀ ਪੰਚਾਇਤ ਵਲੋਂ ਲੈ ਲਿਆ ਗਿਆ ਹੈ।ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਮਾਲ ਵਿਭਾਗ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਪੂਰੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਕਬਜ਼ਾ ਲੈਣ ਦੀ ਇਹ ਕਾਰਵਾਈ ਪੂਰੀ ਕੀਤੀ ਗਈ।
ਇਸ ਮੌਕੇ ਕੁਲਦੀਪ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਿਕਰਮ ਸਿੰਘ ਨਾਮੀ ਵਿਅਕਤੀ ਵਲੋਂ 2007 ਤੋਂ ਇਸ ਜ਼ਮੀਨ ਉਪਰ ਨਜ਼ਾਇਜ਼ ਕਬਜ਼ਾ ਕੀਤਾ ਹੋਇਆ ਸੀ।ਉਨ੍ਹਾਂ ਦੱਸਿਆ ਕਿ ਕੁਲੈਕਟਰ ਐਸ.ਏ.ਐਸ ਨਗਰ ਵਲੋਂ ਇਸ ਜ਼ਮੀਨ ਤੋਂ ਨਜ਼ਾਇਜ ਕਬਜ਼ਾ ਹਟਾਉਣ ਲਈ 2014 ਵਿਚ ਹੁਕਮ ਜਾਰੀ ਕੀਤੇ ਗਏ ਸਨ।ਪਰ ਕੁਝ ਕਾਨੂੰਨੀ ਅੜਚਨਾ ਦੇ ਚਲਦਿਆਂ ਵਿਭਾਗ ਦੇ ਅਧਿਕਾਰੀ ਅਤੇ ਪੰਚਾਇਤ ਇਹ ਕਬਜ਼ਾ ਛੁਡਵਾ ਨਹੀਂ ਸਕੇ ਸਨ।ਪੰਚਾਇਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਦਿਆਂ ਪਹਿਲੇ ਮਹੀਨੇ ਹੀ ਇਹ ਵੱਡੀ ਕਰਾਵਾਈ ਕਰਦਿਆਂ ਅੱਜ ਐਸ.ਏ.ਐਸ ਨਗਰ ਜ਼ਿਲ੍ਹੇ ਦੀ ਇਹ ਬੇਸ਼ਕੀਮਤੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੁਡਵਾ ਲਿਆ ਗਿਆ ਹੈ।
ਇਸ ਦੇ ਨਾਲ ਹੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅੱਜ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ ਅਤੇ 31 ਮਈ ਤੱਕ 5000 ਹਜ਼ਾਰ ਏਕੜ ਜ਼ਮੀਨ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣਗੇ।ਇਸ ਉਪਰੰਤ ਹਰ ਮਹੀਨੇ ਟੀਚਾ ਮਿੱਥ ਕੇ ਨਜਾਇਜ਼ ਕਬਜ਼ੇ ਹਟਾਉਣ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।ਇਸ ਦੇ ਨਾਲ ਹੀ ਉਨ੍ਹਾਂ ਜਸਟਿਸ ਕੁਲਦੀਪ ਸਿੰਘ ਵਲੋਂ ਨਜਾਇਜ਼ ਕਬਜਿਆਂ ਵਾਲੀ ਰਿਪੋਰਟ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਲਦ ਹੀ ਇਸ ਰਿਪੋਰਟ ਨੂੰ ਘੋਖ ਕੇ ਬਣਦੀ ਕਾਰਵਾਈ ਨੇਪਰੇ ਚਾੜੀ ਜਾਵੇਗੀ।
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਸਾਰੀਆਂ ਪੰਚਾਇਤੀ ਜਮੀਨਾਂ ਤੋਂ ਨਜ਼ਾਇਜ਼ ਕਬਜ਼ੇ ਹਟਾਉਣ ਲਈ ਵਚਨਬੱਧ ਹੈ ਅਤੇ ਬਿਨਾਂ ਕਿਸੇ ਭੇਦਭਾਵ ਦੇ ਇਹਕਬਜ਼ੇ ਹਟਾਏ ਜਾਣਗੇ ਅਤੇ ਪੰਚਾਇਤਾਂ ਦੀਆਂ ਜ਼ਮੀਨਾਂ ਪੰਚਾਇਤਾਂ ਨੂੰ ਸੌਂਪੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਭਾਵਂੇ ਕੋਈ ਰਸੂਖਦਾਰ ਹੋਵੇ ਜਾ ਸਧਾਰਨ ਵਿਆਕਤੀ ਕਿਸੇ ਕੋਲ ਵੀ ਨਜਾਇਜ਼ ਕਬਜ਼ੇ ਨਹੀਂ ਰਹਿਣ ਦਿੱਤੇ ਜਾਣਗੇ।
ਇਸ ਮੌਕੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ, ਡਿਪਟੀ ਡਾਇਰੈਕਟਰ ਜੁਗਿੰਦਰ ਕੁਮਾਰ, ਨਾਇਬ ਤਹਿਸੀਲਦਾਰ ਮਾਜਰੀ ਦੀਪਕ ਭਾਰਦਵਾਜ, ਡੀ.ਡੀ.ਪੀ.ਓ ਐਸ.ਏ.ਐਸ ਨਗਰ ਬਲਜਿੰਦਰ ਸਿੰਘ ਗਰੇਵਾਲ, ਬੀ.ਡੀ.ਓ ਮਾਜਰੀ ਬਲਾਕ ਜਸਪ੍ਰੀਤ ਕੌਰ ਅਤੇ ਸਰਪੰਚ ਪਿੰਡ ਅਭੀਪੁਰ ਜਸਪਾਲ ਕੌਰ ਵੀ ਮੌਜੂਦ ਸਨ।