ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਨਿਊਯਾਰਕ ਦੀ ਇਕ ਅਦਾਲਤ ਨੇ ਪਰਿਵਾਰਕ ਕਾਰੋਬਾਰ ਸੌਦੇ ਵਿਚ ਸਿਵਲ ਫਰਾਡ ਜਾਂਚ ਤਹਿਤ ਲੋੜੀਂਦੇ ਦਸਤਾਵੇਜ਼ ਦੇਣ 'ਚ ਅਸਫਲ ਰਹਿਣ ਕਾਰਨ ਅਦਾਲਤ ਦੀ ਮਾਣਹਾਨੀ ਲਈ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜੱਜ ਆਰਥਰ ਐਨਗੋਰਾਨ ਨੇ ਆਪਣੇ ਆਦੇਸ਼ ਵਿਚ ਸਾਬਕਾ ਰਾਸ਼ਟਰਪਤੀ ਨੂੰ ਉਲੰਘਣਾ ਕਰਨ ਵਾਲੇ ਸਮੇ ਲਈ ਪ੍ਰਤੀ ਦਿਨ 10000 ਡਾਲਰ ਜੁਰਮਾਨਾ ਭਰਨ ਲਈ ਕਿਹਾ ਹੈ। ਮੈਨਹਟਨ ਅਦਾਲਤ ਦੇ ਜੱਜ ਨੇ ਆਪਣੇ ਫੈਸਲੇ ਵਿਚ ਕਿਹਾ '' ਮਿਸਟਰ ਟਰੰਪ ਮੈ ਜਾਣਦਾ ਹਾਂ ਤੁਸੀਂ ਆਪਣੇ ਕੰਮਕਾਰ ਨੂੰ ਗੰਭੀਰਤਾ ਨਾਲ ਲੈਂਦੇ ਹੋ ਤੇ ਮੈ ਇਸ ਪ੍ਰਤੀ ਗੰਭੀਰ ਹਾਂ,,। ਪ੍ਰਾਪਤ ਜਾਣਕਾਰੀ ਅਨੁਸਾਰ ਨਿਊਯਾਰਕ ਦੇ ਅਟਾਰਨੀ ਜਨਰਲ ਲੀਟੀਆ ਜੇਮਜ ਜੋ ਇਕ ਡੈਮੋਕਰੈਟਿਕ ਹੈ, ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਜੱਜ ਵੱਲੋਂ ਨਿਸਚਤ ਅੰਤਿਮ ਤਾਰੀਕ 31 ਮਾਰਚ ਤੱਕ ਦਸਤਾਵੇਜ਼ ਨਾ ਦੇਣ ਲਈ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਦੋਸ਼ੀ ਮੰਨਿਆ ਜਾਵੇ। ਜੇਮਜ ਨੇ ਅਦਾਲਤ ਦੇ ਫੈਸਲੇ ਉਪਰੰਤ ਕਿਹਾ ਕਿ ਅੱਜ ਨਿਆਂ ਹੋਇਆ ਹੈ ਕਿਉਂਕਿ ਕਈ ਸਾਲਾਂ ਤੱਕ ਟਰੰਪ ਨੇ ਕਾਨੂੰਨ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਾਬਕਾ ਰਾਸ਼ਟਰਪਤੀ ਤੇ ਉਸ ਦੀ ਕੰਪਨੀ ਦੀਆਂ ਵਿੱਤੀ ਲੈਣ ਦੇਣ ਸਬੰਧੀ ਸਾਡੀ ਕਾਨੂੰਨੀ ਜਾਂਚ ਵਿਚ ਅੜਿਕਾ ਪਾਇਆ ਹੈ। ਉਨਾਂ ਕਿਹਾ ਅੱਜ ਦੇ ਫੈਸਲੇ ਤੋਂ ਸਪੱਸ਼ਟ ਹੈ ਕਿ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ। ਦੂਸਰੇ ਪਾਸੇ ਟਰੰਪ ਦੀ ਵਕੀਲ ਅਲੀਨਾ ਹਾਬਾ ਨੇ ਕਿਹਾ ਹੈ ਕਿ '' ਅਸੀਂ ਸਨਮਾਨ ਸਹਿਤ ਅਦਾਲਤ ਦੇ ਨਿਰਨੇ ਨਾਲ ਅਸਹਿਮਤੀ ਪ੍ਰਗਟਾਉਂਦੇ ਹਾਂ। ਸਾਰੇ ਮੰਗੇ ਗਏ ਦਸਤਾਵੇਜ਼ ਮਹੀਨਾ ਪਹਿਲਾਂ ਅਟਾਰਨੀ ਜਨਰਲ ਨੂੰ ਦਿੱਤੇ ਗਏ ਹਨ। ਮੈ ਵਿਸ਼ੇਸ਼ ਤੌਰ 'ਤੇ ਫਲੋਰਿਡਾ ਟਰੰਪ ਨੂੰ ਇਹ ਪੁੱਛਣ ਲਈ ਗਈ ਸੀ ਕਿ ਜੋ ਦਸਤਾਵੇਜ਼ ਮੰਗੇ ਗਏ ਹਨ ਕੀ ਉਨਾਂ ਵਿਚੋਂ ਕੋਈ ਉਨਾਂ ਕੋਲ ਹੈ। ਅਸੀਂ ਫੈਸਲੇ ਨੂੰ ਚੁਣੌਤੀ ਦੇਵਾਂਗੇ।,,